ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 409


ਬਾਛੈ ਨ ਸ੍ਵਰਗ ਬਾਸ ਮਾਨੈ ਨ ਨਰਕ ਤ੍ਰਾਸ ਆਸਾ ਨ ਕਰਤ ਚਿਤ ਹੋਨਹਾਰ ਹੋਇ ਹੈ ।

ਨਾ ਤਾਂ ਸੁਰਗ ਦੇਵ ਲੋਕ ਦੇ ਨਿਵਾਸ ਦੀ ਚਾਹਨਾ ਕਰਦਾ ਹੈ ਤੇ ਨਾ ਹੀ ਨਰਕ ਵਿਚ ਪੈਣ; ਦਾ ਤ੍ਰਾਸ ਤੌਖਲਾ = ਖਤਰਾ ਹੀ ਮੰਨਦਾ ਹੈ, ਅਤੇ ਹੋਰ ਭੀ ਲੋਕ ਪ੍ਰਲੋਕ ਸਬੰਧੀ ਕਿਸੇ ਪ੍ਰਕਾਰ ਦੀ ਆਸਾ ਉਮੇਦ ਦੀ ਕਿਸੇ ਸ਼ੁਭ ਅਸ਼ੁਭ ਕੀਤੇ ਦੀ ਆਪਣੇ ਅੰਦਰ ਨਹੀਂ ਰਖਿਆ ਕਰਦਾ ਹੈ ਬਸ ਚਿੱਤ ਤਾਂ ਓਸ ਦਾ ਏਹੋ ਹੀ ਕਰਦਾ ਲੋਚਦਾ ਹੈ ਕਿ ਜੋ ਕੁਛ ਓਸ ਕਰਤਾਰ ਦੇ ਹੁਕਮ ਅੰਦਰ ਅਵਸ਼੍ਯ ਹੀ ਹੋਣਹਾਰ ਨਿਰਸੰਦੇਹ ਵਰਤਨਹਾਰ ਹੈ; ਓਹੋ ਹੀ ਪਿਆ ਹੋਵੇ।

ਸੰਪਤ ਨ ਹਰਖ ਬਿਪਤ ਮੈ ਨ ਸੋਗ ਤਾਹਿ ਸੁਖ ਦੁਖ ਸਮਸਰਿ ਬਿਹਸ ਨ ਰੋਇ ਹੈ ।

ਸੰਪਦਾ ਸੁਖ ਸਮਾਜ ਦੇ ਪ੍ਰਾਪਤ ਹੋਯਾਂ ਸ਼ਾਦੀ ਨਹੀਂ ਤੇ ਬਿਪਤ = ਬਿਪਦਾ ਔਕੁੜ ਵਿਖੇ ਇਸ ਨੂੰ ਸੋਗ ਗਮੀ = ਰੰਗ ਨਹੀਂ ਪੋਂਹਦੇ; ਗੱਲ ਕੀ ਹੈ ਕਿ ਸੁਖ ਦੁਖ ਦੀਆਂ ਹਾਲਤਾਂ ਵਿਖੇ ਇਕ ਰਸ ਰਹਿੰਦਾ ਹੈ; ਸੁਖ ਪ੍ਰਾਪਤ ਹੋਏ ਹਸਦਾ ਨਹੀਂ ਤੇ ਸੁਖਾਂ ਦੇ ਨਾਸ਼ ਹੋਏ ਦੁਖ ਸਮੇਂ ਰੋਂਦਾ ਨਹੀਂ।

ਜਨਮ ਜੀਵਨ ਮ੍ਰਿਤ ਮੁਕਤਿ ਨ ਭੇਦ ਖੇਦ ਗੰਮਿਤਾ ਤ੍ਰਿਕਾਲ ਬਾਲ ਬੁਧਿ ਅਵਲੋਇ ਹੈ ।

ਆਹ ਜਨਮ ਜੰਮਨਾ ਹੈ ਆਹ ਜੀਉਣਾ ਤੇ ਆਹ ਕੁਛ ਮੌਤ ਅਥਵਾ ਮੁਕਤੀ ਹੁੰਦੀ ਹੈ ਇਸ ਭਾਂਤ ਦੇ ਭੇਦ ਓਸ ਨੂੰ ਖੇਦ ਵਿਖ੍ਯੇਪ ਨਹੀਂ ਪੁਚਾ ਸਕਦੇ। ਗੰਮਿਤਾ ਪੁਜਤ ਵਾ ਗ੍ਯਾਤ ਤਾਂ ਓਸ ਨੂੰ ਤਿੰਨਾਂ ਕਾਲਾਂ ਦੇ ਵਰਤਾਰੇ ਦੀ ਹੀ ਹੁੰਦੀ ਹੈ ਪਰ ਅਵਿਲੋਇ ਦਿਖੌਂਦਾ ਹੈ ਆਪਣੇ ਆਪ ਨੂੰ ਬਾਲਕ ਬੁਧੀ ਮਾਨੋ ਪੂਰਣ ਅਚੇਤ।

ਗਿਆਨ ਗੁਰ ਅੰਜਨ ਕੈ ਚੀਨਤ ਨਿਰੰਜਨਹਿ ਬਿਰਲੋ ਸੰਸਾਰ ਪ੍ਰੇਮ ਭਗਤ ਮੈ ਕੋਇ ਹੈ ।੪੦੯।

ਉਹ ਗੁਰੂ ਮਹਾਰਾਜ ਦੇ ਗ੍ਯਾਨ ਉਪਦੇਸ਼ ਅਨੁਸਾਰ ਨਿਗ੍ਹਾ ਰਖਣ ਦੇ ਅੰਜਨ ਨੂੰ ਪਾ ਕੇ ਨਿਰੰਜਨਹਿ ਨਿਰੰਜਨ ਸਰੂਪ ਮਾਯਾ ਅਵਿੱਦਯਾ ਰਹਿਤ ਅਨੰਤ ਅਬਿਨਾਸ਼ੀ ਨੂੰ ਪਛਾਣ ਲੈਂਦਾ ਪ੍ਰਤਖ ਅਨਭਉ ਕਰ ਲੈਂਦਾ ਹੈ। ਸੋ ਐਸੇ ਪ੍ਰੇਮ ਭਾਵ ਵਾਲੇ ਭਗਤਿ ਭਜਨ ਕਰਣ ਹਾਰੇ ਗੁਰੂ ਕੇ ਪ੍ਯਾਰੇ ਸੰਸਾਰ ਵਿਚ ਕੋਈ ਵਿਰਲੇ ਹੀ ਪੁਰਖ ਹਨ ॥੪੦੯॥


Flag Counter