ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 556


ਜਾ ਕੇ ਅਨਿਕ ਫਨੰਗ ਫਨਗ੍ਰ ਭਾਰ ਧਰਨਿ ਧਾਰੀ ਤਾਹਿ ਗਿਰਧਰ ਕਹੈ ਕਉਨ ਸੀ ਬਡਾਈ ਹੈ ।

ਫਨੰਗ ਅਨੇਕਾਂ ਹੀ ਫਨਾਂ ਰੂਪ ਅੰਗ ਧਾਰਣ ਕਰਣ ਹਾਰੇ ਐਸੇ ਸ਼ੇਖ ਨਾਗ ਆਦਿ ਸਰਪ ਫਨ ਦੀ ਨੋਕ ਉਪਰ ਧਰਤੀ ਭਰ ਦੇ ਭਾਰ ਧਾਰਣ ਕਰਨ ਚੁੱਕਣ ਵਾਲੇ ਅਨਗਿਣਤ ਹੀ ਜਿਸ ਮਹਾਰਾਜ ਦੇ ਰਚੇ ਹੋਏ ਹਨ ਤਿਸ ਨੂੰ ਗਿਰਧਰ ਇਕ ਛੋਟਾ ਜਿਹਾ ਸਿਲਾ ਰੂਪ ਪਰਬਤ ਚੁੱਕ ਲੈਣ ਹਾਰਾ ਆਖਣ ਵਿਖੇ ਕਿਹੜੀ ਭਾਂਤ ਦੀ ਇਹ ਵਡਿਆਈ ਹੈ।

ਜਾ ਕੋ ਏਕ ਬਾਵਰੋ ਬਿਸ੍ਵਨਾਥ ਨਾਮ ਕਹਾਵੈ ਤਾਹਿ ਬ੍ਰਿਜਨਾਥ ਕਹੇ ਕਉਨ ਅਧਿਕਾਈ ਹੈ ।

ਜਿਸ ਦਾ ਇਕ ਬੌਰਾ ਮਸਤਾਨਾ ਜੇਹਾ ਸੇਵਕ ਵਿਸ਼੍ਵਨਾਥ ਨਾਮ ਨਾਲ ਆਪਣੇ ਆਪ ਨੂੰ ਸਦਵਾ ਰਿਹਾ ਹੈ, ਤਿਸ ਨੂੰ ਬ੍ਰਿਜ ਨਾਥ ਆਖ ਦਿੱਤਿਆਂ ਕਿਹੜੀ ਵਿਸ਼ੇਸ਼ਤਾ ਹੋ ਗਈ।

ਅਨਿਕ ਅਕਾਰ ਓਅੰਕਾਰ ਕੇ ਬਿਥਾਰੇ ਜਾਹਿ ਤਾਹਿ ਨੰਦ ਨੰਦਨ ਕਹੇ ਕਉਨ ਸੋਭਤਾਈ ਹੈ ।

ਜਿਸ ਤੇ ਓਅੰਕਾਰ ਦੇ ਅਨੇਕਾਂ ਹੀ ਆਕਾਰ ਸੂਰਤਾਂ ਸ਼ਕਲਾਂ ਦੇ ਸਰੂਪ ਪਸਾਰੇ ਹੋਏ ਹਨ ਅਰਥਾਤ ਜੋ ਆਪ ਅਨੇਕਾਂ ਬ੍ਰਹਮੰਡਾਂ ਦੇ ਰਚਨ ਹਾਰਾ ਹੈ, ਤਿਸ ਨੂੰ ਨੰਦ ਨੰਦਨ ਨੰਦ ਦਾ ਪੁਤ੍ਰ ਆਖਣ ਵਿਚ ਕੌਣ ਸੋਭਾ।

ਜਾਨਤ ਉਸਤਤਿ ਕਰਤ ਨਿੰਦਿਆ ਅੰਧ ਮੂੜ ਐਸੇ ਅਰਾਧਬੇ ਤੇ ਮੋਨਿ ਸੁਖਦਾਈ ਹੈ ।੫੫੬।

ਅੰਧ ਮੂੜ ਅਗ੍ਯਾਨੀ ਮੂਰਖ ਲੋਕ ਜਾਣ ਦੇ ਤਾਂ ਹਨ ਐਉਂ ਦੀ ਉਸਤਤੀ ਪਰ ਕਰਦੇ ਹਨ, ਇਸ ਪ੍ਰਕਾਰ ਨਿੰਦਿਆ ਐਹੋ ਜੇਹੇ ਅਰਾਧਨ ਨਾਲੋਂ ਤਾਂ ਮੋਨ ਚੁੱਪ ਹੀ ਸੁਖਦਾਈ ਸੁਖ ਦੀ ਦਾਤਾ ਭਲੀ ਹੈ ॥੫੫੬॥


Flag Counter