ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 128


ਸਹਜ ਸਮਾਧਿ ਸਾਧਸੰਗਤਿ ਸਖਾ ਮਿਲਾਪ ਗਗਨ ਘਟਾ ਘਮੰਡ ਜੁਗਤਿ ਕੈ ਜਾਨੀਐ ।

ਸਹਜ ਸਮਾਧਿ ਸਾਧ ਸੰਗਤਿ ਸਖਾ ਮਿਲਾਪ ਸਾਧ ਸੰਗਤਿ ਗੁਰੂ ਕੀ ਸਿੱਖ ਸੰਗਤ ਵਿਚ ਮਿਲਣ ਕਰ ਕੇ ਸਹਜ ਸਰੂਪ ਵਿਖੇ ਇਸਸ਼ਥਿਤ ਹੋ ਔਂਦੀ ਹੈ ਤੇ ਓਸ ਆਤਮ ਇਸਥਿਤੀ ਦੇ ਪ੍ਰਭਾਵ ਕਰ ਕੇ ਸਖਾ ਮਿਲਾਪ ਸਾਥੀ ਦਾ ਮੇਲ ਸਦੀਵਕਾਲ ਆਦਿ ਅੰਤ ਵਿਖੇ ਨਾਲ ਨਿਭਨ ਵਾਲੇ ਸਤਿਗੁਰੂ ਅੰਤਰਯਾਮੀ ਪਰਮਾਤਮਾ ਦਾ ਮੇਲਾ ਪ੍ਰਾਪਤ ਹੋ ਔਂਦਾ ਹੈ। ਗਗਨ ਘਟਾ ਘੁਮੰਡ ਜਗਤਿ ਕੈ ਜਾਨੀਐ ਅਰੁ ਓਸ ਦੇ ਨਾਲ ਮਿਲਾਪ ਦੀ ਜੁਗਤੀ ਕਰ ਕੇ ਅਭ੍ਯਾਸ, ਸੁਰਤ ਦੀ ਸਾਧਨਾ ਦਾ ਕਰਦਿਆਂ ਗਗਨ ਅਕਾਸ਼ ਦਸਮ ਦੁਆਰ ਵਿਖੇ ਘਟਾ ਘਮੰਡ ਜਾਨੀਐ ਬਦਲੀਆਂ ਦੇ ਆਕਾਰ ਵਿਖੇ ਸ੍ਰਿਸ਼ਟੀ ਅਰੁ ਪ੍ਰਲਯ ਕਾਲ ਦੇ ਸਰਬ ਬ੍ਯਾਪੀ ਮੇਘਾਂ ਸਮਾਨ ਗੁਬਾਰ ਦੀਆਂ ਘਟਾਂ ਘਿਰ ਆਯਾ ਕਰਦੀਆਂ ਹਨ ਐਸਾ ਸਾਮਰਤੱਖ ਅਨੁਭਵ ਹੋਯਾ ਕਰਦਾ ਹੈ।

ਸਹਜ ਸਮਾਧਿ ਕੀਰਤਨ ਗੁਰ ਸਬਦ ਕੈ ਅਨਹਦ ਨਾਦ ਗਰਜਤ ਉਨਮਾਨੀਐ ।

ਐਸਾ ਹੀ ਸਹਜ ਸਮਾਧਿ ਕੀਰਤਨ ਗੁਰ ਸਬਦ ਕੈ ਗੁਰੂ ਸ਼ਬਦ ਮੰਤਰ ਦੇ ਬਾਰੰਬਾਰ ਮਨੇ ਮਨ ਅੰਤਰ ਮੁਖੀ ਭਾਵ ਵਿਖੇ ਇਕ ਸੁਰ ਗਾਇਨ ਅਰਾਧਨ ਕਰਦਿਆਂ, ਅਨਹਦ ਨਾਦ ਗਰਜਤ ਉਨਮਾਨੀਐ ਅਨਹਦ ਨਾਦ ਧੁਨੀ ਗਰਜਦੀ ਹੋਈ ਦਾ ਬੱਦਲਾਂ ਦੀ ਕੜਕ ਸਮਾਨ ਉਨਮਾਨ ਹੋਯਾ ਸਾਫ ਪਤਾ ਲਗਿਆ ਕਰਦਾ ਹੈ।

ਸਹਜ ਸਮਾਧਿ ਸਾਧਸੰਗਤਿ ਜੋਤੀ ਸਰੂਪ ਦਾਮਨੀ ਚਮਤਕਾਰ ਉਨਮਨ ਮਾਨੀਐ ।

ਸਹਜ ਸਮਾਧਿ ਸਾਧ ਸੰਗਤਿ ਜੋਤੀ ਸਰੂਪ ਦਾਮਿਨੀ ਚਮਤਕਾਰ ਗੁਰੂ ਕੇ ਸਿੱਖਾਂ ਦੀ ਸੰਗਤ ਵਿਖੇ ਸਹਜ ਸਰੂਪ ਵਿਖੇ ਸਮਾਧੀ ਲਗ੍ਯਾਂ ਅੰਤਰਮੁਖ ਆਤਮੇ ਵਿਖੇ ਧ੍ਯਾਨ ਲਗਦਿਆਂ ਜੋਤੀ ਸਰੂਪ ਪ੍ਰਕਾਸ਼ ਸਰੂਪਿਣੀ ਦਾਮਿਨੀ ਬਿਜਲੀ ਦਾ ਚਮਤਕਾਰ ਉਜਾਲਾ ਪ੍ਰਗਟ ਹੋਯਾ ਕਰਦਾ, ਉਨਮਨ ਮਾਨੀਐ ਉਨਮਨੀ ਭਾਵ ਵਿਖੇ ਦੇਹ ਅੰਦਰ ਵਸਦਿਆਂ ਦੇਹ ਆਦਿਕਾਂ ਦੀ ਸੁਰਤ ਨੂੰ ਵਿਸਾਰ ਕੇ ਅਪਣੇ ਆਪ ਵਿਚ ਸੁਰਤ ਦੇ ਜਾਗਨ ਵਾਲੀ ਦਸ਼ਾ ਵਿਖੇ ਉਨਮਨ ਪਤਾ ਥੌਹ ਸੁਰ ਲਗਦਾ ਅਨੁਭਵ ਹੋਯਾ ਕਰਦਾ ਹੈ।

ਸਹਜ ਸਮਾਧਿ ਲਿਵ ਨਿਝਰ ਅਪਾਰ ਧਾਰ ਬਰਖਾ ਅੰਮ੍ਰਿਤ ਜਲ ਸਰਬ ਨਿਧਾਨੀਐ ।੧੨੮।

ਸਹਜ ਸਮਾਧਿ ਲਿਵ ਨਿਝਰ ਅਪਾਰ ਧਾਰ ਤਾਤਪਰਜ ਕੀਹ ਕਿ ਸਹਿਜ ਸਮਾਧੀ ਵਿਖੇ ਲਿਵ ਸੁਰਤ ਦੀ ਤਾਰ ਬੱਝਿਆਂ, ਅਪਾਰ ਧਾਰਾ ਇਕ ਸਾਰ ਪ੍ਰਵਾਹ ਛੁੱਟਿਆ ਕਰਦਾ ਹੈ, ਬਰਖਾ ਅੰਮ੍ਰਿਤ ਜਲ ਸਰਬ ਨਿਧਾਨੀਐ ਜਿਸ ਬਰਖਾ ਦਾ ਅੰਮ੍ਰਿਤ ਮਈ ਜਲ ਸਰਬ ਨਿਧੀਆਂ ਦਾ ਮਾਨੋ ਸਥਾਨ ਹੈ। ਭਾਵ ਕਹਿ ਕਿ ਗੁਰੂ ਕੀ ਸਾਧ ਸੰਗਤਿ ਅੰਦਰ ਆਯਾਂ ਗੁਰਮੁਖ ਦੇ ਭੀਤਰ ਐਉਂ ਕਰ ਕੇ ਉੱਚਾਰੇ ਅੰਤਰਮੁਖੀ ਅਨੁਭਵ ਦੇ ਦਰਜੇ ਅਭ੍ਯਾਸ ਦੀਆਂ ਭੂਮਿਕਾਂ ਪ੍ਰਕਾਸ਼ ਪਾਇਆ ਕਰਦੀਆਂ ਹਨ ॥੧੨੮॥