ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 126


ਸਹਜ ਸਮਾਧਿ ਸਾਧ ਸੰਗਤਿ ਸੁਕ੍ਰਿਤ ਭੂਮੀ ਚਿਤ ਚਿਤਵਤ ਫਲ ਪ੍ਰਾਪਤਿ ਉਧਾਰ ਹੈ ।

ਸਹਜ ਸਮਾਧਿ ਸਾਧਸੰਗਤਿ ਸੁਕ੍ਰਿਤ ਭੂਮਿ ਸਹਜੇ ਹੀ ਸਮਾਧਿ ਇਸਥਿਤੀ ਮਨ ਦੀ ਭਟਕਨਾ ਦੀ ਨਿਵਿਰਤੀ ਦਾ ਕਾਰਣ ਸਤਸੰਗ ਸੁਕ੍ਰਿਤ ਭੂਮਿ ਪੁੰਨ ਭੂਮੀ ਤੀਰਥ ਰੂਪ ਪਵਿਤ੍ਰ ਧਰਤੀ ਹੈ। ਚਿਤ ਚਿਤਵਤ ਚਿੱਤ ਦੇ ਚਿਤਵਨਾ ਮਾਤ੍ਰ ਤੇ ਹੀ ਭਾਵ ਸਾਧਨਾ ਸਾਧਨ ਦੇ ਕਸ਼ਟ ਉਠਾਇਆਂ ਬਿਨਾਂ ਹੀ ਇਥੇ ਨਿਵਾਸ ਕਰਨ ਵਾਲੇ ਨੂੰ ਫਲ ਪ੍ਰਾਪਤਿ ਉਧਾਰ ਹੈ ਉੱਧਾਰ ਨਿਸਤਾਰੇ ਰੂਪ ਫਲ ਦੀ ਪ੍ਰਾਪਤੀ ਹੋ ਔਂਦੀ ਹੈ।

ਬਜਰ ਕਪਾਟ ਖੁਲੇ ਹਾਟ ਸਾਧਸੰਗਤਿ ਮੈ ਸਬਦ ਸੁਰਤਿ ਲਾਭ ਰਤਨ ਬਿਉਹਾਰ ਹੈ ।

ਜੀਕੂੰ ਰਤਨਾਂ ਦਾ ਗਾਹਕ ਜੌਹਰੀ ਦੀ ਹੱਟੀ ਉਪਰ ਰਤਨ ਵਿਹਾਝਨ ਜਾਏ, ਤਾਂ ਗਾਹਕ ਦੀ ਮੰਗ ਅਰੁ ਵਿੱਤ ਨੂੰ ਦੇਖ ਕੇ ਝੱਅ ਜਕੜੇ ਹੋਏ ਲੋਹੇ ਆਦਿਕਾਂ ਦੇ ਅਲਮਾਰੇ ਖੁੱਲ ਪੈਂਦੇ ਹਨ ਤੀਕੂੰ ਹੀ ਬਜਰ ਕਪਾਟ ਖੁਲੇ ਹਾਟ ਸਾਧ ਸੰਗਤਿ ਮੈ ਪਰਮਾਰਥੀ ਪਰਖਊਏ ਗੁਰਸਿੱਖਾਂ ਦੇ ਸਤਿਸੰਗ ਰੂਪ ਹੱਟ ਉੱਪਰ, ਗਾਹਕ ਜਗ੍ਯਾਸੀ ਦੇ ਔਂਦਿਆਂ ਅੰਦਰ ਦੇ ਜੜੇ ਹੋਏ ਬੱਜਰ ਸਮਾਨ ਅਨਟੁੱਟ ਪੜਦੇ ਕਿਵਾੜ ਖੁੱਲ ਆਇਆ ਕਰਦੇ ਤੇ ਸਬਦ ਸੁਰਤਿ ਲਾਭ ਸਤਿਗੁਰਾਂ ਦ੍ਵਾਰੇ ਸਬਦ ਦੀ ਝਨਕਾਰ ਸੁਰਤਿ ਸੁਨਣ ਦਾ ਲਾਭ ਪ੍ਰਾਪਤ ਹੋ ਔਂਦਾ ਹੈ, ਰਤਨ ਬਿਉਹਾਰ ਹੈ ਇਉਂ ਰਤਨਾਂ ਦੇ ਵਿਹਾਝਨ ਦਾ ਸੌਦਾ ਅਰੰਭ ਹੋ ਪੈਂਦਾ ਹੈ। ਭਾਵ ਜਿਸ ਤਰ੍ਹਾਂ ਅਲਮਾਰੀਆਂ ਖੋਲ੍ਹ ਕੇ ਜੌਹਰੀ ਜੌਹਰਾਂ ਦੀਆਂ ਥੈਲੀਆਂ ਅੱਗੇ ਰਖਦਾ ਹੈ, ਤਾਂ ਜੌਹਰਾਂ ਦੀ ਆਪੋ ਵਿਚ ਝਨਕਾਰ ਹੁੰਦੀ ਸੁਨਣ ਲਗ ਪਿਆ ਕਰਦੀ ਤੇ ਜੋ ਲੈਣਾ ਹੋਵੇ ਓਸ ਦਾ ਸੌਦਾ ਤੁਰ ਪਿਆ ਕਰਦਾ ਹੈ। ਇਸੇ ਤਰ੍ਹਾਂ ਨਾਮ ਦੀ ਪ੍ਰਾਪਤੀ ਹੁੰਦੇ ਸਾਰ ਅੰਦਰਲੇ ਵਾਹਿਗੁਰੂ ਦੇ ਪ੍ਰਕਾਸ਼ ਸੰਬਧੀ ਕੇਂਦ੍ਰੀ ਟਿਕਾਣੇ ਭੀਤਰੀ ਚੱਕ੍ਰ ਭੀ ਖੁੱਲ੍ਹ ਕੇ ਅਨਹਦ ਦੀਆਂ ਧੁਨੀਆਂ ਤੇ ਰੱਬੀ ਪ੍ਰਕਾਸ਼ ਦਾ ਅਨਭਉ ਹੋਣ ਲਗ ਪਿਆ ਕਰਦਾ ਹੈ।

ਸਾਧਸੰਗਿ ਬ੍ਰਹਮ ਸਥਾਨ ਗੁਰਦੇਵ ਸੇਵ ਅਲਖ ਅਭੇਵ ਪਰਮਾਰਥ ਆਚਾਰ ਹੈ ।

ਫੇਰ ਸਾਧਸੰਗਿ ਬ੍ਰਹਮ ਸਥਾਨ ਸਤਿਸੰਗ ਬ੍ਰਹਮ ਪੁਰ ਸਚਖੰਡ ਹੈ, ਤੇ ਇਥੇ ਗੁਰਦੇਵ ਸੇਵ ਦੇਵ ਪ੍ਰਕਾਸ਼ ਸਰੂਪ ਸਤਿਗੁਰਾਂ ਦੀ ਅਰਾਧਨਾ ਕਰ ਕੇ ਅਲਖ ਅਭੇਵ ਪਰਮਾਰਥ ਆਚਾਰ ਹੈ ਧਰਮ ਆਚਾਰ ਦਾ ਅਰਥ ਰੂਪ ਜੋ ਪ੍ਰਜੋਜਨ ਹੈ ਭਾਵ ਧਰਮ ਰੂਪ ਆਚਾਰ ਸਾਧਨੇ ਤੋਂ ਸਿੱਧ ਹੋਣਹਾਰਾ ਅਲਖ ਨਾ ਲਖਿਆ ਜਾਣ ਵਾਲਾ ਤੇ ਅਭੇਵ ਮਰਮ ਜਾਨਣੋਂ ਰਹਿਤ ਮੋਖ ਸਰੂਪ ਪ੍ਰਜੋਜਨ ਪ੍ਰਾਪਤ ਹੋ ਜਾਂਦਾ ਹੈ।

ਸਫਲ ਸੁਖੇਤ ਹੇਤ ਬਨਤ ਅਮਿਤਿ ਲਾਭ ਸੇਵਕ ਸਹਾਈ ਬਰਦਾਈ ਉਪਕਾਰ ਹੈ ।੧੨੬।

ਐਸਾ ਹੀ ਇਹ ਸਤਿਸੰਗ ਮਾਨੋ ਸਫਲ ਸੁ ਖੇਤ ਅਵਸ਼੍ਯ ਫਲਨ ਵਾਲਾ ਖੇਤ ਮੈਦਾਨ ਹੈ ਬਨਤ ਅਮਿਤਿ ਲਾਭ ਗਿਣਤੀ ਮਿਣਤੀ ਵਿਚ ਨਾ ਆ ਸਕਨ ਵਾਲੇ ਲਾਭ ਇਸ ਵਿਚੋਂ ਬਨਤ ਉਪਜਕੇ ਪ੍ਰਾਪਤ ਹੁੰਦੇ ਹਨ, ਸੇਵਕ ਸਹਾਈ ਅਪਣੀ ਸੇਵਾ ਮੰਨਤਾ ਕਰਨ ਵਾਲੇ ਦਾ ਸਹਾਈ ਅਵਸ਼੍ਯ ਸਹੈਤਾ ਪੁਚਾਨ ਹਾਰਾ ਹੈ ਤੇ ਬਰਦਾਈ ਸਮੂਹ ਵਰ ਰੂਪ ਧਰਮ ਅਰਥ ਕਾਮ ਮੋਖ ਰੂਪ ਦਾ ਦਾਤਾ ਹੈ, ਅਰ ਉਪਕਾਰ ਹੈ ਹਰ ਪਰਕਾਰ ਸਤਿ ਸੰਗੀ ਉਪਰ ਉਪਕਾਰ ਹੀ ਉਪਕਾਰ ਪਾਲਣ ਕਰਣ ਹਾਰਾ ਹੈ, ਵਾ ਉਪ ਸਮੀਪ +ਕਾਰ ਕਰਣ ਹਾਰਾ ਆਪਣੇ ਸਤਿ ਸੰਗੀਆਂ ਨੂੰ ਸਭ ਦੇ ਤੇ ਸਭ ਨੂੰ ਅਪਣੇ ਸਤਿਸੰਗੀਆਂ ਦੇ ਨੇੜੇ ਪ੍ਯਾਰਾ ਬਨਾਣ ਹਾਰਾ ਹੈ। ਭਾਵ, ਸਤਿਸੰਗ ਸਭ ਕਿਸੇ ਦੇ ਚਿੱਤ ਅੰਦਰ ਪਿਆਰ ਪੈਦਾ ਕਰਨ ਵਾਲਾ ਹੈ ॥੧੨੬॥


Flag Counter