ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 399


ਜੈਸੇ ਨੈਨ ਬੈਨ ਪੰਖ ਸੁੰਦਰ ਸ੍ਰਬੰਗ ਮੋਰ ਤਾ ਕੇ ਪਗ ਓਰ ਦੇਖਿ ਦੋਖ ਨ ਬੀਚਾਰੀਐ ।

ਜਿਸ ਤਰ੍ਹਾਂ ਨੇਤ੍ਰ; ਬੋਲੀ; ਖੰਭ ਸਾਰੇ ਹੀ ਅੰਗ ਮੋਰ ਦੇ ਸੁੰਦ੍ਰ ਸੋਹਣੇ ਹਨ; ਤੇ ਤਿਸ ਦਿਆਂ ਪੈਰਾਂ ਵੱਲ ਦੇਖ ਕੇ ਓਨਾਂ ਦਾ ਔਗੁਣ ਨਹੀਂ ਵੀਚਾਰੀਦਾ।

ਸੰਦਲ ਸੁਗੰਧ ਅਤਿ ਕੋਮਲ ਕਮਲ ਜੈਸੇ ਕੰਟਕਿ ਬਿਲੋਕ ਨ ਅਉਗਨ ਉਰਧਾਰੀਐ ।

ਜਿਸ ਤਰ੍ਹਾਂ ਚੰਨਣ ਦੀ ਸੁਗੰਧੀ ਅਤਿ ਸੋਹਣੀ ਹੁੰਦੀ ਹੈ, ਤੇ ਕਮਲ ਫੁਲ ਅਤ੍ਯੰਤ ਕੋਮਲ ਹੁੰਦਾ ਹੈ ਪਰ ਚੰਨਣ ਨੂੰ ਸੱਪਾਂ ਨਾਲ ਲਪਟਿਆ ਤੇ ਕਮਲ ਫੁਲ ਦੇ ਕੰਡੇ ਬਿਲੋਕਿ ਤੱਕ ਕੇ ਓਨਾਂ ਦੇ ਏਨਾਂ ਔਗਣਾਂ ਨੂੰ ਦਿਲ ਅੰਦਰ ਨਹੀਂ ਲਿਆਈਦਾ।

ਜੈਸੇ ਅੰਮ੍ਰਿਤ ਫਲ ਮਿਸਟਿ ਗੁਨਾਦਿ ਸ੍ਵਾਦ ਬੀਜ ਕਰਵਾਈ ਕੈ ਬੁਰਾਈ ਨ ਸਮਾਰੀਐ ।

ਜਿਸ ਤਰ੍ਹਾਂ ਅੰਮ੍ਰਿਤ ਫਲ ਦੇ ਮਿਠੇ ਸ੍ਵਾਦ ਆਦਿ ਗੁਣਾਂ ਵਾਲਾ ਹੋਣ ਕਰ ਕੇ ਓਸ ਦੇ ਬੀ ਦੀ ਕੁੜੱਤਨ ਕਾਰਣ ਉਸ ਦੀ ਬੁਰ੍ਯਾਈ ਨੂੰ ਨਹੀਂ ਚਿਤਾਰੀਦਾ।

ਤੈਸੇ ਗੁਰ ਗਿਆਨ ਦਾਨ ਸਬਹੂੰ ਸੈ ਮਾਂਗਿ ਲੀਜੈ ਬੰਦਨਾ ਸਕਲ ਭੂਤ ਨਿੰਦਾ ਨ ਤਕਾਰੀਐ ।੩੯੯।

ਤਿਸੀ ਪ੍ਰਕਾਰ ਉਤਮ ਪੁਰਖਾਂ ਸਾਧੂਸੰਤਾਂ ਦੇ ਜਾਤ ਪਾਤ ਸਬੰਧੀ ਔਗੁਣਾਂ ਵੱਲ ਜੇ ਕੋਈ ਕਿਸੇ ਦੀ ਆਪਣੀ ਦ੍ਰਿਸ਼ਟੀ ਦੋਖ ਕਾਰਣ ਦਿੱਸਨ ਤੱਕਨਾ ਛੱਡ ਕੇ ਓਨਾਂ ਸਭਨਾਂ ਪਾਸੋਂ ਗ੍ਯਾਨ ਦਾ ਦਾਨ ਤਾਂ ਮੰਗ ਲਵੇ; ਅਰੁ ਐਸਾ ਹੀ ਸਭ ਪ੍ਰਾਣੀ ਮਾਤ੍ਰ ਨੂੰ ਹੀ ਵਾਹਿਗੁਰੂ ਦੀ ਸ੍ਰਿਸ਼ਟੀ ਦਾ ਮੁੱਖ ਅੰਗ ਸਮਝ ਕੇ ਬੰਦਨਾਂ ਮਾਤ੍ਰ ਹੀ ਕਰੇ; ਪਰ ਨਿੰਦਾ ਨਤਕਾਰੀਐ ਨਿੰਦ੍ਯਾ ਕਰਨੀ ਸਭ ਕਿਸੇ ਦੀ ਹੀ ਤ੍ਯਾਗ ਦੇਵੇ, ਨਤਕਾਰ ਸ਼ਬਦ = ਨਿਰਾਦਰ ਕਰਨਾ; ਪ੍ਰਵਾਣ ਨਾ ਰਖਣਾ; ਆਦਿ ਅਰਥਾਂ ਵਿਚ ਵਰਤ੍ਯਾ ਜਾਂਦਾ ਹੈ ॥੩੯੯॥


Flag Counter