ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 33


ਚਰਨ ਕਮਲ ਭਜਿ ਕਮਲ ਪ੍ਰਗਾਸ ਭਏ ਦਰਸ ਦਰਸ ਸਮਦਰਸ ਦਿਖਾਏ ਹੈ ।

ਸਤਿਗੁਰਾਂ ਦੇ ਚਰਨ ਕਮਲਾਂ ਨੂੰ ਭਜ ਅਰਾਧਨ ਕਰਨ ਕਰ ਕੇ ਅਥਵਾ ਕਮਲ ਸਮਾਨ ਅਲੇਪ ਅਸੰਗ ਹੈ ਚਰਣ ਚਲਨ ਸ੍ਵਭਾਵ ਜਿਸ ਨਿਰੰਕਾਰ ਨਿਰਾਕਾਰ ਦਾ ਓਸ ਨੂੰ ਭਜ ਧ੍ਯਾਨ ਕਰਨ ਕਰ ਕੇ ਕਮਲ ਪ੍ਰਗਾਸ ਭਏ ਰਿਦਾ ਕਮਲ ਖਿੜ ਔਂਦਾ ਹੈ ਭਾਵ ਸੰਸਿਆਂ ਫਿਕਰਾਂ ਨਾਲ ਸਮੀਟਿਆ ਹੋਇਆ ਹਿਰਦਾ ਮਨ ਦਾ ਅਸਥਾਨ ਪ੍ਰਫੁੱਲਿਤ ਹੋ ਔਂਦਾ ਹੈ, ਜਿਸ ਕਰ ਕੇ ਦਰਸ ਦਰਸਿ = ਦ੍ਰਿਸ਼੍ਯ ਦਾ ਦਰਸ਼ਨ ਜੋ ਅਨੇਕ ਭਾਵੀ ਹੈ, ਸੋ ਸਮ ਦਰਸ ਬ੍ਰਹਮ ਦਰਸ਼ਨ ਰੂਪ ਹੋ ਭਾਸਿਆ ਕਰਦਾ ਹੈ ਯਾ ਚਰਣ ਕਮਲਾਂ ਦਾ ਧਿਆਨ ਕਰਦਿਆਂ ਹਿਰਦੇ ਕਮਲ ਦੇ ਖਿੜ ਔਣ ਪੁਰ, ਦਰਸ ਅੰਤਰਯਾਮੀ ਅਕਾਲਪੁਰਖ ਦੇ ਦਰਸ਼ਨ ਨੂੰ ਦਰਸ ਦਰਸਕੇ ਦੇਖਣ ਤੇ, ਉਹ ਦਰਸਨ ਸਮ ਦਿਖਾਏ ਹੈ ਇਕ ਰਸ ਰਮਿਆ ਦਿਖਾਈ ਦਿੱਤਾ ਅਨਭਉ ਹੋਯਾ ਕਰਦਾ ਹੈ।

ਸਬਦ ਸੁਰਤਿ ਅਨਹਦ ਲਿਵਲੀਨ ਭਏ ਓਨਮਨ ਮਗਨ ਗਗਨ ਪੁਰ ਛਾਏ ਹੈ ।

ਅਰੁ ਐਸਾ ਹੀ ਅਨਹਦ ਸਬਦ ਸੁਰਤਿ ਅਨਹਦ ਧੁਨੀ ਸ਼ਬਦ ਦੇ ਵਿਖੇ ਸੁਰਤ ਦੇ ਲਿਵਲੀਨ ਹੋਇਆਂ ਮਾਨੋ ਮਗਨ ਮਸਤ ਹੋ ਕੇ ਉਨਮਨ ਉਤਸ਼ਾਹ ਪੂਰਬਕ ਵਾ ਉਨਮਨੀ ਅਵਸਥਾ ਵਿਖੇ, ਗਗਨ ਪੁਰ ਚੈਤੰਨ ਭਵਨ = ਬ੍ਰਹਮ ਸਥਲ ਪ੍ਰਮਾਤਮਾ ਦੇ ਨਿਜ ਪ੍ਰਕਾਸ਼ ਰੂਪ ਲੋਕ ਵਿਖੇ ਛਾਏ ਹੈ ਸ਼ੁਭਾਯਮਾਨ ਹੋਇਆ ਕਰਦਾ ਹੈ।

ਪ੍ਰੇਮ ਰਸ ਬਸਿ ਹੁਇ ਬਿਸਮ ਬਿਦੇਹ ਭਏ ਅਤਿ ਅਸਚਰਜ ਮੋ ਹੇਰਤ ਹਿਰਾਏ ਹੈ ।

ਅਤੇ ਉਥੇ ਦੇ ਪ੍ਰੇਮ ਰਸ ਅਨੁਭਵੀ ਸ੍ਵਾਦ ਆਨੰਦਾਕਾਰਿਤਾ ਦੇ ਬਸ ਅਧੀਨ ਹੋ ਕੇ, ਬਿਸਮ ਅਚਰਜ ਹੋਇਆ ਦੇਹ ਤੋਂ ਬਿਦੇਹ ਸਰੀਰ ਦੀ ਸ਼ੁਧ ਬੁਧ ਤੋਂ ਰਹਿਤ ਹੋ ਜਾਂਦਾ ਹੈ, ਔਰ ਅਤ੍ਯੰਤ ਅਸਚਰਜ ਮਈ ਕੌਤੁਕੀ ਅਵਸਥਾ ਵਿਖੇ ਦੈਵੀ ਪ੍ਰਕਾਸ਼ ਦੇ ਕੌਤਕ ਨੂੰ ਹੇਰਤ = ਦੇਖਦਾ ਹੋਇਆ ਅਨੁਭਵ ਕਰਦਾ ਕਰਦਾ ਹਿਰਾਏ ਹੈ = ਆਪੇ ਨੂੰ ਭੀ ਖੋਹ ਬੈਠਦਾ ਹੈ ਭਾਵ ਅੰਦਰਲੇ ਬਾਹਰਲੇ ਗ੍ਯਾਨ ਸਭ ਵਿਸਿਮ੍ਰਿਤ ਹੋ ਜਾਇਆ ਕਰਦੇ ਹਨ।

ਗੁਰਮੁਖਿ ਸੁਖਫਲ ਮਹਿਮਾ ਅਗਾਧਿ ਬੋਧਿ ਅਕਥ ਕਥਾ ਬਿਨੋਦ ਕਹਤ ਨ ਆਏ ਹੈ ।੩੩।

ਸੋ ਇਸ ਪ੍ਰਕਾਰ ਦੇ ਗੁਰਮੁਖੀ ਸੁਖਫਲ ਦੀ ਮਹਿਮਾ ਵਡ੍ਯਾਈ ਅਸੀਂ ਕੀਹ ਆਖੀਏ, ਓਸ ਦਾ ਬੋਧ ਗ੍ਯਾਨ ਅਗਾਧ ਨਹੀਂ ਗਾਹਿਆ ਜਾ ਸਕਣ ਵਾਲਾ ਹੈ,ਤੇ ਓਸ ਦੀ ਕਥਾ ਬਾਰਤਾ ਚਲਾਣੀ ਸਭ ਪ੍ਰਕਾਰ ਹੀ ਅਕਥ ਕਥਨ ਤੋਂ ਪਾਰ ਹੈ ਉਹ ਬਿਨੋਦ ਆਨੰਦ ਕਿਸੇ ਤਰ੍ਹਾਂ ਭੀ ਕਹਿਣ ਵਿਚ ਨਹੀਂ ਆ ਸਕਦਾ ਹੈ ॥੩੩॥


Flag Counter