ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 496


ਜੈਸੇ ਤਉ ਚਪਲ ਜਲ ਅੰਤਰ ਨ ਦੇਖੀਅਤਿ ਪੂਰਨੁ ਪ੍ਰਗਾਸ ਪ੍ਰਤਿਬਿੰਬ ਰਵਿ ਸਸਿ ਕੋ ।

ਫੇਰ ਜਿਸ ਤਰ੍ਹਾਂ ਚੰਚਲ ਜਲ ਛੱਲਾਂ ਮਾਰਦੇ ਪਾਣੀ ਦੇ ਰੋੜ੍ਹ ਵਿਚ ਸੂਰਜ ਚੰਦ੍ਰਮੇਂ ਦੇ ਪੂਰੇ ਪ੍ਰਗਾਸ ਦਾ ਪ੍ਰਛਾਵਾਂ ਨਹੀਂ ਦੇਖਿਆ ਜਾ ਸਕਦਾ।

ਜੈਸੇ ਤਉ ਮਲੀਨ ਦਰਪਨ ਮੈ ਨ ਦੇਖੀਅਤਿ ਨਿਰਮਲ ਬਦਨ ਸਰੂਪ ਉਰਬਸ ਕੋ ।

ਜਿਸ ਤਰ੍ਹਾਂ ਮੈਲੇ ਸ਼ੀਸ਼ੇ ਵਿਚੋਂ ਉਰਬਸੀ ਅਪਛਰਾ ਵਰਗਾ ਸੁੰਦਰ ਸਰੂਪੀ ਨਿਰਮਲ ਬਦਨ ਸੋਹਣਾ ਚਿਹਰਾ ਨਹੀਂ ਦੇਖਿਆ ਜਾ ਸਕਦਾ ਵਾ ਉਰ+ਬਸਿ = ਹਿਰਦੇ ਵਿਚ ਵਸਦੇ ਪ੍ਯਾਰੇ ਦਾ ਸੁੰਦ੍ਰ ਮੁਖੜਾ ਨਹੀਂ ਤਕੀਂਦਾ।

ਜੈਸੇ ਬਿਨ ਦੀਪ ਨ ਸਮੀਪ ਕੋ ਬਿਲੋਕੀਅਤੁ ਭਵਨ ਭਇਆਨ ਅੰਧਕਾਰ ਤ੍ਰਾਸ ਤਸ ਕੋ ।

ਜਿਸ ਤਰ੍ਹਾਂ ਦੀਵੇ ਬਿਨਾਂ ਪਾਸ ਦਾ ਪਦਾਰਥ ਭੀ ਨਹੀਂ ਦਿੱਸਦਾ ਤੇ ਘਰ ਹਨੇਰਾ ਘੁੱਪ ਡਰੌਣਾ ਲਗਦਾ ਹੈ ਤ੍ਰਾਸ ਤਸ ਤਸਕਰ ਦਾ ਤ੍ਰਾਸ ਭੈ ਚੋਰ ਦਾ ਭੀ ਹੁੰਦਾ ਹੈ।

ਤੈਸੇ ਮਾਇਆ ਧਰਮ ਅਧਮ ਅਛਾਦਿਓ ਮਨੁ ਸਤਿਗੁਰ ਧਿਆਨ ਸੁਖ ਨਾਨ ਪ੍ਰੇਮ ਰਸ ਕੋ ।੪੯੬।

ਤਿਸੀ ਪ੍ਰਕਾਰ ਮਾਇਆ ਦੇ ਭਰਮ ਨਾਲ ਢਕਿਆ ਹੋਇਆ ਅਧਮ ਮਨੁ ਨੀਚ ਮਨ; ਸਤਿਗੁਰਾਂ ਦੇ ਧਿਆਨ ਦੇ ਪ੍ਰੇਮ ਰਸ ਦੇ ਸੁਖ ਨੂੰ ਨਾਨ ਨਾਹਿਨ ਨਹੀਂ ਪ੍ਰਾਪਤ ਹੋ ਸਕਦਾ ॥੪੯੬॥


Flag Counter