ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 163


ਬਰਖਾ ਸੰਜੋਗ ਮੁਕਤਾਹਲ ਓਰਾ ਪ੍ਰਗਾਸ ਪਰਉਪਕਾਰ ਅਉ ਬਿਕਾਰੀ ਤਉ ਕਹਾਵਈ ।

ਸ੍ਵਾਂਤੀ ਨਿਛੱਤਰ ਵਿਖੇ ਹੋਣ ਹਾਰੀ ਬਰਖਾ ਦੇ ਸੰਜੋਗ ਸਬੰਧ ਤੋਂ ਹੀ ਮੋਤੀ ਤੇ ਓਰਾ ਗੜੇ ਦਾ ਪ੍ਰਗਾਸ ਪ੍ਰਗਟਨਾ ਹੋਯਾ ਕਰਦਾ ਹੈ ਸੂਰਤ ਦੋਹਾਂ ਦੀ ਲਗਪਗ ਇਕੋ ਜੇਹੀ ਹੀ ਹੁੰਦੀ ਹੈ ਪ੍ਰੰਤੂ ਮੋਤੀ ਨੂੰ ਉਪਕਾਰੀ ਸੁਖਦਾਈ ਆਖਿਆ ਜਾਂਦਾ ਹੈ, ਅਤੇ ਗੜਾ ਵਿਕਾਰੀ ਵਿਗਾੜ ਕਰਣ ਹਾਰਾ ਦੁਖਦਾਈ ਕਹੌਂਦਾ ਹੈ।

ਓਰਾ ਬਰਖਤ ਜੈਸੇ ਧਾਨ ਪਾਸ ਕੋ ਬਿਨਾਸੁ ਮੁਕਤਾ ਅਨੂਪ ਰੂਪ ਸਭਾ ਸੋਭਾ ਪਾਵਈ ।

ਜੈਸੇ ਜ੍ਯੋਂ ਹੀ ਗੜਾ ਵਰ੍ਹਦਾ ਹੈ ਤਾਂ ਧਾਨ ਅੰਨ ਅਨਾਜ ਦਿਆਂ ਖੇਤਾਂ ਤੇ ਪਾਨ ਪਨਵਾੜੀਆਂ ਪਾਨ ਦੀਆਂ ਬੇਲਾਂ ਦਾ ਬਿਨਾਸ ਬਰਬਾਦੀ ਕਰ ਸਿੱਟਦਾ ਹੈ। ਤੇ ਮੋਤੀ ਉਪਮਾਂ ਤੋਂ ਰਹਿਤ ਅਦੁਤੀ ਰੂਪ ਦੇ ਕਾਰਣ ਸਭਾ ਵਿਚ ਸ਼ੋਭਾ ਨੂੰ ਪ੍ਰਾਪਤ ਹੋਇਆ ਕਰਦਾ ਹੈ।

ਓਰਾ ਤਉ ਬਿਕਾਰ ਧਾਰਿ ਦੇਖਤ ਬਿਲਾਇ ਜਾਇ ਪਰਉਪਕਾਰ ਮੁਕਤਾ ਜਿਉ ਠਹਿਰਾਵਈ ।

ਗੜਾ ਤਾਂ ਵਿਗਾੜ ਵਾਲੇ ਸੁਭਾਵ ਨੂੰ ਧਾਰਣ ਕਰ ਕੇ ਦੇਖਦਿਆਂ ਦੇਖਦਿਆਂ ਹੀ ਗਲ ਜਾਂਦਾ ਨਸ਼ਟ ਹੋ ਜਾਂਦਾ ਹੈ। ਪਰ ਪਰਉਪਕਾਰੀ ਹੋਣ ਕਰ ਕੇ ਮੋਤੀ ਜ੍ਯੋਂ ਕਾ ਤ੍ਯੋਂ ਠਹਿਰਿਆ ਰਹਿੰਦਾ ਹੈ।

ਤੈਸੇ ਹੀ ਅਸਾਧ ਸਾਧ ਸੰਗਤਿ ਸੁਭਾਵ ਗਤਿ ਗੁਰਮਤਿ ਦੁਰਮਤਿ ਦੁਰੈ ਨ ਦੁਰਾਵਈ ।੧੬੩।

ਤਿਸੇ ਭਾਂਤ ਹੀ ਜਗਤ ਅੰਦਰ ਅਸਾਧ ਭੈੜਿਆਂ ਤੇ ਸਾਧ ਭਲਿਆਂ ਦੇ ਸੁਭਾਵ ਦੀ ਗਤਿ ਚਾਲ ਦਸ਼ਾ ਹੁੰਦੀ ਹੈ, ਅਰਥਾਤ ਭੈੜੇ ਜਿਥੇ ਪੈ ਜਾਣ ਬਰਬਾਦ ਵਰਤਾ ਮਾਰਦੇ ਹਨ, ਤੇ ਭਲਿਆਂ ਦਾ ਸਮਾਗਮ ਜਿਥੇ ਆਨ ਬਣੇ ਆਬਾਦੀ ਅਰੁ ਸੁਖ ਦਾ ਕਾਰਣ ਹੋਯਾ ਕਰਦਾ ਹੈ। ਗੱਲ ਕੀਹ ਕਿ ਵਾਹ ਪਿਆਂ ਭਲਿਆਂ ਦੀ ਗੁਰਮਤਿ ਤੇ ਬੁਰਿਆਂ ਦੀ ਦੁਰਮਤਿ ਦੁਰਾਈ ਛਪਾਈ ਹੋਈ ਕਦਾਚਿਤ ਛਿਪੀ ਨਹੀਂ ਰਹਿ ਸਕਿਆ ਕਰਦੀ ॥੧੬੩॥


Flag Counter