ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 294


ਦਰਸਨ ਜੋਤਿ ਕੋ ਉਦੋਤ ਸੁਖ ਸਾਗਰ ਮੈ ਕੋਟਿਕ ਉਸਤਤ ਛਬਿ ਤਿਲ ਕੋ ਪ੍ਰਗਾਸ ਹੈ ।

ਸੁਖ ਸਾਗਰ ਮੈ ਪਾਰਬ੍ਰਹਮਪਰਮਾਤਮਾ ਸਰੂਪ = ਇਕ ਮਈ ਹੋ ਚੁੱਕੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਸਾਰ ਐਸੀ ਜੋਤਿ ਦਾ ਉਦੋਤ = ਉਜਾਲਾ ਪ੍ਰਕਾਸ਼ ਅੰਦਰ ਹੋਇਆ ਕਰਦਾ ਹੈ, ਜਿਸ ਦੇ ਤਿਲ ਮਾਤ੍ਰ ਤੋਂ ਕ੍ਰੋੜਾਂ ਉਸਤਤੀਆਂ ਤੇ ਸੁੰਦਰਤਾਈਆਂ ਦਾ ਪ੍ਰਗਾਸ ਪ੍ਰਗਟਨਾ ਹੋਇਆ ਹੋਇਆ ਵਾ ਹੋ ਔਂਦਾ ਹੈ। ਭਾਵ ਤਿਲ ਭਰ ਦਰਸ਼ਨ ਦੇ ਮਹਾਤਮ ਕਾਰਣ ਗੁਰਮੁਖ ਕ੍ਰੋੜਾਂ ਧੰਨਤਾ ਵਾਨ ਤਥਾ ਮਹਾਨ ਤੋਂ ਮਹਾਨ ਤੇਜ ਪ੍ਰਤਾਪੀ ਬਨ ਜਾਂਦਾ ਹੈ।

ਕਿੰਚਤ ਕ੍ਰਿਪਾ ਕੋਟਿਕ ਕਮਲਾ ਕਲਪਤਰ ਮਧੁਰ ਬਚਨ ਮਧੁ ਕੋਟਿਕ ਬਿਲਾਸ ਹੈ ।

ਕਿੰਚਤ ਭਰ ਕ੍ਰਿਪਾ ਕਰ ਕੇ ਥੋੜੀ ਨਜਰ ਪ੍ਰੇਮ ਭਰੀ ਨਾਲ ਤੱਕ ਲੈਣ ਤਾਂ ਕ੍ਰੋੜਾਂ ਲਛਮੀਆਂ ਤਥਾ ਕਲਪ ਬਿਰਛਾਂ ਦੇ ਸੇਵਨ ਦਾ ਮਹਾਤਮ ਓਸ ਨੂੰ ਪ੍ਰਾਪਤ ਹੋ ਜਾਂਦਾ ਹੈ ਭਾਵ ਓਸ ਨੂੰ ਕਦੀ ਕੋਈ ਲੋੜ ਥੋੜ ਨਹੀਂ ਹੋ ਸਕਦੀ, ਅਤੇ ਓਸ ਦੀਆਂ ਸਭੇ ਮੁਰਾਦਾਂ ਪੂਰੀਆਂ ਹੋ ਔਂਦੀਆਂ ਹਨ। ਪਰ ਜੇ ਮਿੱਠੀ ਮਿੱਠੀ ਗੱਲ ਕਰ ਲੈਣ ਤਾਂ ਕ੍ਰੋੜਾਂ ਹੀ ਮਧੁ ਅੰਮ੍ਰਿਤਾਂ ਦੇ ਪਾਨ ਕਰਨ ਦਾ ਬਿਲਾਸ ਖੇੜਾ ਓਸ ਦੇ ਅੰਦਰ ਖਿੜ ਆਇਆ ਕਰਦਾ ਹੈ।

ਮੰਦ ਮੁਸਕਾਨਿ ਬਾਨਿ ਖਾਨਿ ਹੈ ਕੋਟਾਨਿ ਸਸਿ ਸੋਭਾ ਕੋਟਿ ਲੋਟ ਪੋਟ ਕੁਮੁਦਨੀ ਤਾਸੁ ਹੈ ।

ਮੰਦ ਮੰਦ ਹਸੂ ਹਸੂੰ ਕਰਨ ਵਾਲੀ ਬਾਨ ਵਾਦ = ਸ੍ਵਭਾਵ ਤੋਂ ਜੇ ਗੁਰਮੁਖ ਦੇ ਪ੍ਰੇਮ ਨੂੰ ਪ੍ਰਵਾਣਿਆ ਗਿਆ ਤਾਂ ਇਹ ਮਾਨੋ ਕ੍ਰੋੜਾਂ ਚੰਦ੍ਰਮਿਆਂ ਦੀ ਖਾਣੀ ਹੈ, ਭਾਵ, ਇਸ ਤੋਂ ਜਨਮ ਜਨਮਾਂਤਰਾਂ ਦਾ ਸੰਤਾਪ ਦੂਰ ਹੋ ਕੇ ਐਸੀ ਠੰਢਕ ਓਸ ਦੇ ਅੰਦਰ ਵਰਤ ਪਿਆ ਕਰਦੀ ਹੈ ਕਿ ਤਾਸ ਤਿਸ ਗੁਰਮੁਖ ਦੀ ਸ਼ਾਂਤੀ ਅੱਗੇ ਕ੍ਰੋੜਾਂ ਅੱਗੇ ਕ੍ਰੋੜਾਂ ਹੀ ਪੂਰਣ ਚਾਂਦਨੀਆਂ, ਅਤੇ ਖਿੜੀਆਂ ਕੁਮੁਦਨੀਆਂ ਕੰਮੀਆਂ ਦੀ ਚੰਦ੍ਰ ਬੰਸੀ ਕੌਲ ਦੀ ਸੋਭਾ ਲੋਟਨ ਪੋਟਨ ਸਦਕੇ ਹੋ ਹੋ ਪਿਆ ਕਰਦੀ ਹੈ। ਭਾਵ ਕ੍ਰੋੜਾਂ ਹੀ ਸੰਸਾਰੀ ਬਿਭੂਤੀਆਂ ਨਾਲ ਕ੍ਰਿਤ ਕ੍ਰਿਤ ਹੋਏ ਪੁਰਖ ਭੀ ਰਾਜੇ ਮਹਾਰਾਜੇ ਆਦਿ ਐਸਿਆਂ ਗੁਰਮੁਖਾਂ ਤੋਂ ਵਾਰਣੇ ਬਲਿਹਾਰਣੇ ਹੋਇਆ ਕਰਦੇ ਹਨ।

ਮਨ ਮਧੁਕਰ ਮਕਰੰਦ ਰਸ ਲੁਭਿਤ ਹੁਇ ਸਹਜ ਸਮਾਧਿ ਲਿਵ ਬਿਸਮ ਬਿਸ੍ਵਸ ਹੈ ।੨੯੪।

ਕ੍ਯੋਂਜੁ ਐਸੇ ਗੁਰਮੁਖ ਦਾ ਮਨ ਰੂਪ ਭੌਰਾ ਗੁਰੂ ਮਹਾਰਾਜ ਦੇ ਚਰਣ ਕਮਲਾਂ ਦੀ ਰਜ ਰੂਪ ਮਕਰੰਦ ਰਸ ਦਾ ਪ੍ਰੇਮੀ ਬਣਿਆ ਸਹਿਜ ਸਮਾਧੀ ਰੂਪ ਅਵਸਥਾ ਵਿਖੇ ਲਿਵ ਲਗਾਈ, ਹਰਾਨ ਕਰਨ ਵਾਲੇ ਦ੍ਰਿੜ੍ਹ ਭਰੋਸੇ ਵਾਲਾ ਹੋਇਆ ਰਹਿੰਦਾ ਹੈ ॥੨੯੪॥


Flag Counter