ਸਤਿਗੁਰਾਂ ਦੀ ਆਗਿਆ ਪਾਲਨਹਾਰਾ ਐਹੋ ਜਿਹਾ ਬਾਲਕਾ ਗੁਰੂ ਕਾ ਲਾਲ ਜਿਹੜਾ ਗੁਰ ਸਿੱਖ ਹੋਵੇ, ਓਸ ਦੇ ਚਰਣ ਕਮਲਾਂ ਦੀ ਧੂਲੀ ਦੀ ਮਹਿਮਾ ਦਾ ਪਾਰਾਵਾਰ ਨਹੀਂ ਪਾਯਾ ਜਾ ਸਕਦਾ।
ਸ਼ਿਵ ਸਮੂਹ ਸਨਾਤਨ ਸੰਪ੍ਰਦਾਵਾਂ ਦਾ ਮਹਾਂ ਗੁਰੂ ਸਨਕ ਸਨੰਦਨ, ਸਨਤ, ਸੁਜਾਤ ਬ੍ਰਹਮਾ ਦੇ ਮਾਨਸੀ ਪੁਤ੍ਰ ਬੇਦਾਂ ਦੇ ਮੁੱਖ ਆਚਾਰਯ ਪਿਤਾਮਹ ਦੇ ਮਨ ਦੀਆਂ ਜਾਨਣਹਾਰੇ ਅਰੁ ਸ੍ਵਯੰ ਬ੍ਰਹਮਾ ਬਿਸ਼ਨੂ ਮਹੇਸ਼ ਨੂੰ ਭੀ ਉਕਤ ਸਿੱਖ ਦੀ ਚਰਣ ਧੂਲੀ ਦੇ ਜ੍ਯੋਂ ਕੇ ਤ੍ਯੋਂ ਮੱਹਤ ਨਿਰੂਪਣ ਦੀ ਗੰਮਿਤਾ ਪੁੱਜਤ ਨਹੀਂ ਹੋ ਸਕੀ ਅਤੇ ਇਸੀ ਭਾਂਤ ਸਾਖ੍ਯਾਤ ਨਿਗਮ ਬੇਦ ਤਥਾ ਬੇਦਾਂ ਦੀਆਂ ਸ਼ਾਖਾਂ ਅਨੁਸਾਰੀ ਸਮੂਹ ਸ਼ਾਸਤ੍ਰ ਅਰੁ ਸ਼ੇਖ ਨਾਗ, ਬ੍ਰਹਸਪਤੀ ਸੁਰਸਤ ਵਗੈਰਾ ਜੋ ਬਾਣੀ ਦੇ ਈਸ਼੍ਵਰ ਕਹੇ ਜਾਂਦੇ ਹਨ ਭੀ ਅਨੰਤ ਅਨੰਤ ਕਰ ਕੇ ਉਚਾਰ ਰਹੇ ਹਨ।
ਧਰਮ, ਅਰਥ, ਕਾਮ, ਮੋਖ ਰੂਪ ਚਾਰੇ ਪਦਾਰਥ ਅਤੇ ਭੂਤ, ਭਵਿੱਖਤ, ਵਰਤਮਾਨ ਤਿੰਨੋਂ ਕਾਲ ਤਥਾ ਸ੍ਵਰਗ ਮਾਤਲੋਕ ਵਾ ਪਾਤਾਲ ਤਿੰਨੋਂ ਲੋਕ ਚਹੁੰਦੇ ਹਨ ਇਸ ਧੂਲੀ ਨੂੰ ਅਰੁ ਜੋਗ ਵਾ ਭੋਗ ਬ੍ਰਹਮਾਂਡ ਭਰ ਦੇ ਅਥਵਾ ਜੋਗ ਤੋਂ ਪ੍ਰਾਪਤ ਹੋਣ ਹਾਰੀਆਂ ਸਮੂਹ ਰਿਧੀਆਂ ਸਿਧੀਆਂ ਨਿਧੀਆਂ ਤਥਾ ਸਾਖ੍ਯਾਤ ਪਾਪਾ ਨਾਸ਼ਨੀ ਗੰਗਾ ਅਰੁ ਐਸਾ ਹੀ ਸਮੂਹ ਸੰਸਾਰ ਕੇਵਲ ਇਸੇ ਹੀ ਸਰਧਾ ਵਿਖੇ ਹਨ ਅਰਥਾਤ ਸਭ ਇਸ ਧੂਲੀ ਨੂੰ ਚਾਹੁੰਦੇ ਹਨ ਇਸੇ ਕਰ ਕੇ ਹੀ ਜਿਸ ਨੂੰ ਇਹ ਪ੍ਰਾਪਤ ਹੋ ਜਾਵੇ ਓਸ ਨੂੰ ਇਹ ਸਭ ਪੁੰਨ ਮਹਾਤਮ ਸੁਤੇ ਪ੍ਰਾਪਤ ਹੋ ਜਾਯਾ ਕਰਦੇ ਹਨ।
ਗੱਲ ਕੀਹ ਕਿ ਇਹ ਧੂਲੀ ਮਨੁੱਖਾਂ ਨੂੰ ਪੂਜਨ ਜੋਗਾਂ ਦਾ ਭੀ ਪੂਜ੍ਯ ਪੂਜਨ ਜੋਗ ਤਥਾ ਪਤਿਤਾਂ ਨੂੰ ਪਵਿਤ੍ਰ ਬਣਾਨ ਵਾਲੀ ਐਡਾ ਪਵਿਤ੍ਰ ਬਣਾ ਦੇਣ ਹਾਰੀ ਹੈ, ਕਿ ਇਸ ਦੇ ਮਹੱਤ ਦੇ ਨਿਰਮਲ ਵਿਸਤਾਰ ਦੇ ਵੀਚਾਰ ਨਿਰਣੇ ਦੀ ਕਥਾ ਅਰਥ ਰੂਪ ਕਥੀ ਹੀ ਨਹੀਂ ਜਾ ਸਕਦੀ ਹੈ ॥੧੮੦॥