ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 146


ਕੋਟਨਿ ਕੋਟਾਨਿ ਗਿਆਨ ਗਿਆਨ ਅਵਗਾਹਨ ਕੈ ਕੋਟਨਿ ਕੋਟਾਨਿ ਧਿਆਨ ਧਿਆਨ ਉਰ ਧਾਰਹੀ ।

ਕੋਟਨਿ ਕੋਟਾਨਿ ਗਿਆਨ ਗਿਆਨ ਅਵਗਾਹਨ ਕੈ ਕ੍ਰੋੜਾਂ ਪ੍ਰਕਾਰ ਦੇ ਕ੍ਰੋੜਾਂ ਹੀ ਗਿਆਨ ਗੁਰੂ ਮਹਾਰਾਜ ਦੇ ਗਿਆਨ ਨੂੰ ਅਵਗਾਹਨ ਕਰਦੇ ਰਹਿੰਦੇ ਉਸ ਗਿਆਨ ਵਿਚ ਮਲ ਮਲ ਨੌਂਦੇ ਵਾ ਟੁਭਕਿਆਂ ਲਗਾਂਦੇ ਰਹਿੰਦੇ ਹਨ, ਭਾਵ ਉਸ ਗਿਆਨ ਦ੍ਵਾਰੇ ਨਿਰਮਲ ਹੁੰਦੇ ਅਥਵਾ ਓਸ ਵਿਚ ਮਗਨ ਹੋਏ ਰਹਿੰਦੇ ਹਨ। ਅਤੇ ਕੋਟਿਨ ਕੋਟਾਨਿ ਧਿਆਨ ਧਿਆਨ ਉਰਿ ਧਾਰ ਹੀ ਕ੍ਰੋੜਾਂ ਪ੍ਰਕਾਰ ਦੇ ਕ੍ਰੋੜਾਂ ਹੀ ਧਿਆਨ ਓਸ ਦਾ ਹਿਰਦੇ ਅੰਦਰ ਧਿਆਨ ਧਾਰਦੇ ਰਹਿੰਦੇ ਹਨ।

ਕੋਟਨਿ ਕੋਟਾਨਿ ਸਿਮਰਨ ਸਿਮਰਨ ਕਰਿ ਕੋਟਨਿ ਕੋਟਾਨਿ ਉਨਮਾਨ ਬਾਰੰਬਾਰ ਹੀ ।

ਕੋਟਨਿ ਕੋਟਾਨਿ ਸਿਮਰਨ ਸਿਮਰਨ ਕਰਿ ਇਸੇ ਭਾਂਤ ਕ੍ਰੋੜਾਂ ਪ੍ਰਕਾਰ ਦੇ ਕ੍ਰੋੜਾਂ ਹੀ ਸਿਮਰਣ, ਓਸ ਦਾ ਸਿਮਰਣ ਕਰਦੇ ਓਸ ਨੂੰ ਚਿੱਤ ਵਿਚ ਚਿਤਾਰਦੇ ਰਹਿੰਦੇ ਹਨ। ਅਰੁ ਇਵੇਂ ਹੀ ਕੋਟਿਨ ਕੋਟਾਨਿ ਉਨਮਾਨ ਬਾਰੰਬਾਰ ਹੀ ਕ੍ਰੋੜਾਂ ਪ੍ਰਕਾਰ ਦੇ ਕ੍ਰੋੜਾਂ ਹੀ ਉਨਮਾਨ ਬਾਰੰਬਾਰ ਹੀ ਓਸ ਨੂੰ ਆਪਣੇ ਅੰਦਰੀਂ ਅਕਲ ਦੇ ਤਰਾਜੂ ਕੰਡੇ ਨਾਲ ਤੋਲਦੇ ਮਾਪਦੇ ਅਰਥਾਤ ਓਸ ਦੀ ਮਿਤ ਪਾਣ ਦਾ ਜਤਨ ਕਰਦੇ ਰਹਿੰਦੇ ਹਨ।

ਕੋਟਨਿ ਕੋਟਾਨਿ ਸੁਰਤਿ ਸਬਦ ਅਉ ਦ੍ਰਿਸਟਿ ਕੈ ਕੋਟਨਿ ਕੋਟਾਨਿ ਰਾਗ ਨਾਦ ਝੁਨਕਾਰ ਹੀ ।

ਕੋਟਿਨ ਕੋਟਾਨਿ ਸੁਰਤਿ ਸਬਦ ਅਉ ਦ੍ਰਿਸਟਿ ਕੈ ਔ ਔਰ ਫੇਰ ਕ੍ਰੋੜਾਂ ਹੀ ਪ੍ਰਕਾਰ ਦੀਆਂ ਕ੍ਰੋੜਾਂ ਸੁਰਤਾਂ ਸੁਨਣ ਸ਼ਕਤੀਆਂ ਗੁਰੂ ਕੇ ਸ਼ਬਦ ਵਿਖੇ ਦ੍ਰਿਸਟਿ ਕੈ ਨਿਗ੍ਹਾ ਕਰੀ ਰਖਦੀਆਂ ਨਿਰਤ ਕਰਦੀਆਂ ਰਹਿੰਦੀਆਂ ਹਨ। ਅਤੇ ਕੋਟਿਨ ਕੋਟਾਨਿ ਰਾਗ ਨਾਦ ਝੁਨਕਾਰ ਹੀ ਕ੍ਰੋੜਾਂ ਪ੍ਰਕਾਰ ਦੇ ਹੀ ਕ੍ਰੋੜਾਂ ਰਾਗ, ਨਾਦ ਕਰਦੇ ਹੋਏ ਗੁਰੂ ਮਹਾਰਾਜ ਦੇ ਸ਼ਬਦ ਨਾਦ ਅਗੇ ਅਪਣੇ ਆਪ ਵਿਖੇ ਝਨੂਨ ਰਹੇ ਹਨ ਭਾਵ ਝੂਮ ਰਹੇ ਮਸਤੀ ਦੇ ਹੁਲਾਰੇ ਲੈ ਰਹੇ ਹਨ।

ਕੋਟਨਿ ਕੋਟਾਨਿ ਪ੍ਰੇਮ ਨੇਮ ਗੁਰ ਸਬਦ ਕਉ ਨੇਤ ਨੇਤ ਨਮੋ ਨਮੋ ਕੈ ਨਮਸਕਾਰ ਹੀ ।੧੪੬।

ਕੋਟਿਨ ਕੋਟਾਨਿ ਪ੍ਰੇਮ ਨੇਮ ਗੁਰ ਸਬਦ ਕੋ ਐਸਾ ਹੀ ਕ੍ਰੋੜਾਂ ਪ੍ਰਕਾਰ ਦੇ ਕ੍ਰੋੜਾਂ ਪ੍ਰੇਮ ਗੁਰੂ ਸ਼ਬਦ ਦਾ ਨੇਮ ਪਾਲਨ ਕਰਦੇ ਕਰਦੇ, ਨੇਤਿ ਨੇਤਿ ਨਮੋ ਨਮੋ ਕੈ ਨਮਸਕਾਰਹੀ ਅਨੰਤ ਅਨੰਤ ਕਥਨ ਕਰ ਕੇ ਬਾਰੰਬਾਰ ਮਨ ਬਾਣੀ ਸ਼ਰੀਰ ਕਰ ਕੇ ਨਮਸਕਾਰਾਂ ਕਰਦੇ ਹਨ ॥੧੪੬॥


Flag Counter