ਕੀਹ ਦੱਸੀਏ! ਇਸ ਸ੍ਰਿਸ਼ਟੀ ਰਚਨਾ ਦੇ ਚਲਿਤ੍ਰ ਕੌਤੁਕ ਦਾ ਚਿਤ੍ਰ ਬੁੱਤ ਨਕਸ਼ਾ ਜੋ ਸਾਮਨੇ ਦਿਖਾਈ ਦੇ ਰਿਹਾ ਹੈ ਇਸਦਾ ਬਚਿਤ੍ਰਪਨ ਅਦਭੁਤ ਅਨੋਖਾ ਪਣਾ ਬਿਸਮ ਹਰਾਨ ਕਰਣ ਹਾਰਾ ਹੈ ਦੇਖੋ। ਕਿਸ ਤਰ੍ਹਾਂ ਦੀ ਇਕ ਦੇ ਅੰਦਰ ਅਨੇਕ ਪ੍ਰਕਾਰ ਦੀ ਅਨੇਕਤਾ ਅਨੰਤਤਾ ਉਸ ਕਰਤਾਰ ਨੇ ਵਰਤਾਈ ਹੋਈ ਹੈ।
ਨੇਤ੍ਰਾਂ ਅੰਦਰ ਤਾਂ ਦ੍ਰਿਸਟਿ ਤੱਕਨ ਦੀ ਸ਼ਕਤੀ ਪਾ ਰਖੀ ਸੂ ਤੇ ਕੰਨਾਂ ਅੰਦਰ ਸੁਨਣ ਦੀ ਸ਼ਕਤੀ ਐਸਾ ਹੀ ਨਾਸਾਂ ਵਿਖੇ ਸੁਗੰਧੀ ਤਥਾ ਰਸਨਾ ਵਿਖੇ ਰਸ ਸ੍ਵਾਦ ਗ੍ਰਹਿਣ ਕਰਨ ਅਰ ਉਚਾਰਣ ਦੀ ਸ਼ਕਤੀ ਟਿਕਾਈ ਹੋਈ ਹੈ।
ਇਨ ਸ੍ਰੋਤਨ ਮੈ ਨਿਰੰਤਰ ਅੰਤਰ ਹੀ ਅੰਤਰ ਏਨਾਂ ਸ੍ਰੋਤਾਂ ਇੰਦ੍ਰੀਆਂ ਦੇ ਅੰਦਰ ਹੀ ਅੰਦਰ ਲਗਾਤਾਰ ਅੰਤਰਾ ਪਾ ਰਖ੍ਯਾ ਸੂ। ਵਾ ਅੰਤ੍ਰਾਯ ਤੋਂ ਪੜਦੇ ਤੋਂ ਰਹਿਤ ਕੋਈ ਇਕੋ ਹੀ ਇਕ ਰਸ ਸਮਾਨ ਸੱਤਾ ਰਮੀ ਹੋਈ ਸ਼ਕਤੀ, ਨਿਰੰਤਰ ਕੰਮ ਕਰ ਰਹੀ ਹੈ। ਪਰ ਵੀਚਾਰ ਓਸ ਦਾ ਬਿਖੜਾ ਦੁਰਗਮ ਹੈ ਕਿ ਕੀਕੂੰ ਉਹ ਇਕ ਹੁੰਦੀ ਭੀ ਅਨੇਕਾਂ ਹੋ ਰਹੀ ਹੈ; ਜ੍ਯੋਂਕਿ ਕਿਸੇ ਨੂੰ ਕੋਈ ਦੂਆ ਨਹੀਂ ਜਾਣ ਰਿਹਾ ਭਾਵ ਇਕੋ ਦੇ ਬਲ ਨਾਲ ਕੰਮ ਕਰਦੇ ਹੋਏ ਇੰਦ੍ਰੇ ਆਪੋ ਵਿਚ ਇਕ ਦੂਏ ਦਾ ਬਿਰਤਾਂਤ ਨਹੀਂ ਜਾਣ ਸਕਦੇ। ਅਥਵਾ ਐਉਂ ਕਿ ਇਨਾਂ ਸ੍ਰੋਤਨ ਇੰਦ੍ਰੀਆਂ ਦੇ ਅੰਤਰ ਅੰਦਰ ਨਿਰੰਤਰ ਸਮਾਈ ਹੋਈ ਭੀ ਉਹ ਸਮਾਨ ਸੱਤਾ ਹੈ, ਪਰ ਸਭ ਵਿਖੇ ਅੰਤਰ ਪੜਦਾ ਪਾ ਰਖਿਆ ਸੂ, ਜਿਸ ਕਰ ਕੇ ਕੋਈ ਇੰਦ੍ਰੀ ਕਿਸੇ ਦੂਈ ਦੀ ਵਿਥ੍ਯਾ ਨੂੰ ਨਹੀਂ ਜਾਣ ਰਹੀ। ਸੋ ਕਿਡਾ ਅਉਖਾ ਇਸਦਾ ਸਮਝਨਾ ਹੈ।
ਇਸ ਚਿਤ੍ਰ ਮਈ ਚਲਤ੍ਰਿ ਦਾ ਜਾਨਣਾ ਹੀ ਜਦ ਅਗਮ ਪਹੁੰਚ ਤੋਂ ਸਮਝੋ ਦੂਰ ਹੈ ਤਾਂ ਇਸ ਦੇ ਚਿਤੇਰੇ ਚਿਤਰਨਹਾਰੇ ਨੂੰ ਕੋਈ ਕੀਕੂੰ ਜਾਣ ਸਕੇ। ਤਾਂ ਤੇ ਮਨ ਬਾਣੀ ਸਰੀਰ ਨੇਤਿ ਨੇਤਿ ਨੇਤਿ ਆਖਦਾ ਹੋਯਾ ਤਿਸ ਦੇ ਤਾਂਈ ਨਮਸਕਾਰ ਹੀ ਕਰਦਾ ਹਾਂ ॥੨੩੨॥