ਜਿਸ ਤਰ੍ਹਾਂ ਕੰਨਾ ਸਿਆਰੀ ਆਦਿ ਲਗਾਂ ਮਾਤ੍ਰਾ ਤੋਂ ਬਿਨਾਂ ਹੋਰ ਦਾ ਹੋਰ ਹੀ ਪੜ੍ਹਨ ਵਿਚ ਆਇਆ ਕਰਦਾ ਹੈ ਅਰਥਾਤ ਪਿਤਾ ਦੀ ਥਾਂ ਪੁਤ ਤੇ ਪੁਤ ਦੀ ਥਾਂ ਪਿਤਾ, ਸਮਸਰਿ ਇਕ ਸਮਾਨ ਹੀ ਜਾਨੀਐ ਜਾਨਣ ਵਿਖੇ ਔਂਦਾ ਹੈ, ਜਿਹਾ ਕਿ ਲੰਡਿਆਂ ਦੀ ਲਿਖਤ ਵਿਚ ਪ੍ਰਸਿਧ ਹੀ ਦੇਖੀਦਾ ਹੈ ਅਰੁ ਇਞੇ ਹੀ।
ਜਿਸ ਭਾਂਤ ਸੁਰਤਿ ਬਿਹੂਨ ਸੁਧ ਮਾਰੀ ਹੋਈ ਵਾਲੇ ਸੋਝੀ ਹੋਸ਼ ਰਹਿਤ ਨੂੰ ਬਾਵਲਾ ਸੁਦਾਈ ਕਮਲਾ ਆਖੀਦਾ ਹੈ ਤੇ ਏਸੇ ਬਿਸੁਰਤੀ ਵਿਚ ਉਹ ਕਹਿੰਦਾ ਕੁਛ ਹੋਰ ਤੇ ਹਿਰਦੈ ਮੈ ਸਮਝਨ ਵਿਚ ਕੁਛ ਹੋਰ ਹੀ ਆਨੀਐ ਲਿਆਈਦਾ ਹੈ। ਅਤੇ ਏਕੂੰ ਹੀ।
ਜਿਸ ਪ੍ਰਕਾਰ ਗੁੰਗਾ ਸਭਾ ਵਿਚ ਬਾਤ ਨਹੀਂ ਬੋਲ ਕਰ ਸਕਦਾ, ਪਰ ਜੇ ਬੋਲਦਾ ਹੀ ਹੈ ਤਾਂ ਉਲਟੀ ਓਸ ਦੀ ਹਾਸੀ ਹੋਇਆ ਕਰਦੀ ਹੈ, ਕ੍ਯੋਂਕਿ ਓਸ ਦਾ ਉਹ ਬਚਨ ਬੋਲਨਾ ਬਿਧ+ਆਨੀਐ ਹੋਰ ਹੀ ਬਿਧ ਦਾ ਹੁੰਦਾ ਹੈ। ਭਾਵ ਉਲਟਾ ਸੁਲਟਾ ਬੇਪ੍ਰਸੰਗਾ ਯਾ ਬੇਥ੍ਹਵਾ ਹੁੰਦਾ ਹੈ।
ਇਸੇ ਪ੍ਰਕਾਰ ਗੁਰਮੁਖੀ ਮਾਰਗ ਗੁਰਮੁਖ ਪੰਥ ਵਿਖੇ ਮਨਮੁਖ ਭੀ ਥਕਤ ਹੁਇ ਹਾਰ ਹੁੱਟ ਜਾਂਦਾ ਅਰਥਾਤ ਭੰਬਲ ਭੂਸੇ ਖਾਣ ਲਗ ਜਾਂਦਾ ਹੈ, ਕ੍ਯੋਂਕਿ ਇਥੇ ਲੇਖੇ ਹੁੰਦੇ ਹਨ ਬੇਪ੍ਰਵਾਹੀ ਦੇ ਤੇ ਉਹ ਮੰਦਨਾ ਹੈ ਲਗਨਾਂ ਸਗਨਾਂ ਗ੍ਰਹਿ, ਨਛਤ੍ਰ, ਯੋਗਨੀਆਂ, ਦਿਸ਼ਾ ਸੂਲ ਆਦਿ ਨੂੰ ਸੋ ਕਿਸ ਤਰ੍ਹਾਂ ਓਸ ਦਾ ਮਨ ਮੰਨੇ ਭਾਵ ਪਤੀਜ ਨੂੰ ਪਾ ਸਕੇ ॥੨੬੪॥