ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 387


ਨਿਰਾਧਾਰ ਕੋ ਅਧਾਰੁ ਆਸਰੋ ਨਿਰਾਸਨ ਕੋ ਨਾਥੁ ਹੈ ਅਨਾਥਨ ਕੋ ਦੀਨ ਕੋ ਦਇਆਲੁ ਹੈ ।

ਸਤਿਗੁਰੂ ਜਿਨਾਂ ਦਾ ਕੋਈ ਝੱਲਨ ਵਾਲਾ ਨਹੀਂ ਐਸੇ ਨਿਰ ਅਧਾਰਾਂ ਦੇ ਆਧਾਰ ਨਿਧਰਿਆਂ ਦੀ ਧਿਰ ਤੇ ਨਿਰਾਸਰਿਆਂ ਦੇ ਆਸਰੇ ਹਨ, ਅਨਾਥਾਂ ਦੇ ਨਾਥ ਸ੍ਵਾਮੀ ਤੇ ਦੀਨਾਂ ਲਈ ਦ੍ਯਾਲੂ ਦਯਾ ਦੇ ਅਸਥਾਨ ਹਨ।

ਅਸਰਨਿ ਸਰਨਿ ਅਉ ਨਿਰਧਨ ਕੋ ਹੈ ਧਨ ਟੇਕ ਅੰਧਰਨ ਕੀ ਅਉ ਕ੍ਰਿਪਨ ਕ੍ਰਿਪਾਲੁ ਹੈ ।

ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਓਨ੍ਹਾਂ ਨੂੰ ਸਹਾਰਾ ਦੇਣ ਹਾਰੇ ਤੇ ਨਿਰਧਨਾਂ ਦੇਧਨ ਹਨ ਐਸਾ ਹੀ ਅੰਨਿਆਂ ਦੀ ਟੇਕ ਡੰਗੋਰੀ ਅਤੇ ਕਿਰਪਨਾਂ ਕੰਜੂਸਾਂ ਤੰਗ ਦਿਲੇ ਪੁਰਖਾਂ ਲਈ ਕਿਰਪਾਲੂ ਹਨ।

ਅਕ੍ਰਿਤਘਨ ਕੇ ਦਾਤਾਰ ਪਤਤਿ ਪਾਵਨ ਪ੍ਰਭ ਨਰਕ ਨਿਵਾਰਨ ਪ੍ਰਤਗਿਆ ਪ੍ਰਤਿਪਾਲੁ ਹੈ ।

ਕੀਤੇ ਨੂੰ ਨਾ ਜਾਨਣ ਵਾਲਿਆਂ ਦੇ ਭੀ ਦਾਤਾਰ ਬਖ਼ਸ਼ਿੰਦ ਹਨ ਤੇ ਪਤਿਤਾਂ ਆਚਰਣ ਭ੍ਰਸ਼ਟਾਂ ਗੰਦਿਆਂ ਨੂੰ ਭੀ ਪਾਵਨ ਪਵਿਤ੍ਰ ਕਰਣਹਾਰੇ ਪ੍ਰਭੂ ਸਭ ਤਰ੍ਹਾਂ ਸਮਰੱਥ ਹਨ, ਨਰਕਾਂ ਤੋਂ ਬਚਾਵਨਹਾਰੇ ਤੇ ਆਪਣੇ ਬਖ਼ਸ਼ਿੰਦ ਬਿਰਦ ਦੀ ਪ੍ਰਤਗ੍ਯਾ ਪ੍ਰਣ ਭਲੀ ਪ੍ਰਕਾਰ ਪਾਲਣਹਾਰੇ ਹਨ।

ਅਵਗੁਨ ਹਰਨ ਕਰਨ ਕਰਤਗਿਆ ਸ੍ਵਾਮੀ ਸੰਗੀ ਸਰਬੰਗਿ ਰਸ ਰਸਕਿ ਰਸਾਲੁ ਹੈ ।੩੮੭।

ਸੁਆਮੀ ਸਤਿਗੁਰੂ ਔਗੁਣ੍ਯਾਰਿਆਂ ਦੇ ਔਗੁਣਾਂ ਨੂੰ ਨਿਵਿਰਤ ਕਰਣ ਹਾਰੇ ਹਨ ਤੇ ਕਰਤਗਿਆ ਕ੍ਰਿਤੱਗਤਾ ਅਹਿਸਾਨ ਮੰਦੀ ਉਪਕਾਰ ਪਾਲਣ ਹਾਰੇ ਹਨ ਭਾਵ, ਲੋੜਵੰਦਾਂ ਦੀਆਂ ਸਭ ਪ੍ਰਕਾਰ ਲੋੜਾਂ ਦੇ ਪੂਰਾ ਕਰਣ ਹਾਰੇ ਹਨ ਤੇ ਜਿਹੜੇ ਕੋਈ ਰਸ ਪ੍ਰੇਮ ਦੇ ਰਸਿਕ ਰਸੀਏ ਹਨ ਓਨਾਂ ਦੇ ਸਰਬੰਗਿ ਸੰਗੀ ਸਮੂਲਚੇ ਸੰਗੀ ਸਭ ਤਰ੍ਹਾਂ ਸਾਥ ਨਿਬਾਹੁਣ ਹਾਰੇ ਰਸਾਲੁ ਰਸ ਦੇ ਮੰਦਿਰ ਹਨ ॥੩੮੭॥


Flag Counter