ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 522


ਬੇਸ੍ਵਾ ਕੇ ਸਿੰਗਾਰ ਬਿਬਿਚਾਰ ਕੋ ਨ ਪਾਰੁ ਪਾਈਐ ਬਿਨੁ ਭਰਤਾਰ ਕਾ ਕੀ ਨਾਰ ਕੈ ਬੁਲਾਈਐ ।

ਵੇਸ੍ਵਾ ਬਜਾਰੂ ਤੀਵੀਂ ਦਿਆਂ ਸਿੰਗਾਰਾਂ ਵੇਸਾਂ ਦਾ ਅਤੇ ਬਿਭਚਾਰ ਦੂਸਰਿਆਂ ਪੁਰਖਾਂ ਨਾਲ ਰਮਣ ਦਾ ਤਾਂ ਪਾਰ ਅੰਤ ਨਹੀਂ ਪਾਇਆ ਜਾ ਸਕਦਾ ਪਰ ਬਿਨਾਂ ਭਰਤਾਰ ਸ੍ਵਾਮੀ ਦੇ ਉਹ ਕਿਸ ਦੀ ਇਸਤ੍ਰੀ ਕਰ ਕੇ ਸੱਦੀ ਜਾਵੇ? ਭਾਵ ਐਨਿਆਂ ਵਿਖੇ ਸੁਖਾਂ ਨੂੰ ਮਾਣਦੀ ਹੋਈ ਭੀ, ਇਕ ਦੀ ਹੋਏ ਬਾਝੋਂ ਉਹ ਭੈੜੀ ਨਿਨਾਂਵੀਂ ਹੀ ਰਹਿੰਦੀ ਹੈ।

ਬਗੁ ਸੇਤੀ ਜੀਵ ਘਾਤ ਕਰਿ ਖਾਤ ਕੇਤੇ ਕੋ ਮੋਨਿ ਗਹਿ ਧਿਆਨ ਧਰੇ ਜੁਗਤ ਨ ਪਾਈਐ ।

ਬਗੁਲਾ ਸੇਤ ਚਿੱਟਾ ਉਜਲੇ ਰੰਗ ਦਾ ਹੁੰਦਾ ਹੈ, ਤੇ ਕਈਆਂ ਅਨਗਿਣਤ ਜੀਵਾਂ ਦੀ ਘਾਤ ਹਤ੍ਯਾ ਕਰ ਕੇ ਖਾਂਦਾ ਹੈ, ਮੋਨ ਧਾਰ ਕੇ ਧ੍ਯਾਨ ਭੀ ਧਰਦਾ ਹੈ, ਪਰ ਐਸਾ ਕਰਨ ਨਾਲ ਓਸ ਨੂੰ ਕੋਈ ਜੋਗ ਦੀ ਜੁਗਤੀ ਤਾਂ ਨਹੀਂ ਪ੍ਰਾਪਤ ਹੋ ਜਾਇਆ ਕਰਦੀ।

ਭਾਂਡ ਕੀ ਭੰਡਾਈ ਬੁਰਵਾਈ ਨ ਕਹਤ ਆਵੈ ਅਤਿ ਹੀ ਢਿਠਾਈ ਸੁਕਚਤ ਨ ਲਜਾਈਐ ।

ਭੰਡ ਨਲਕੀਏ ਦੇ ਭੰਡਪੁਣੇ ਦੀ ਬੁਰਾਈ ਆਖੀ ਨਹੀਂ ਜਾ ਸਕਦੀ ਤੇ ਢੀਠਤਾ ਭੀ ਓਸ ਦੀ 'ਅਤਿ ਹੀ' ਪਰਲੇ ਦਰਜੇ ਦੀ ਵਧੀ ਹੋਈ ਹੁੰਦੀ ਹੈ ਜਿਸ ਕਰ ਕੇ ਸੰਕੋਚ ਸੰਗ ਲਾਹ ਕੇ ਮਾਨੋ ਓਸ ਨੂੰ ਲੱਜਾ ਹਯਾ ਨਹੀਂ ਆਇਆ ਕਰਦੀ (ਜੋ ਕੁਛ ਜੀਅ ਵਿਚ ਆ ਜਾਵੇ ਬੇਸ਼ਰਮੀ ਦੇ ਤਾਣ ਬਕੀ ਜਾਇਆ ਕਰਦਾ ਹੈ।)

ਤੈਸੇ ਪਰ ਤਨ ਧਨ ਦੂਖਨ ਤ੍ਰਿਦੋਖ ਮਮ ਅਧਮ ਅਨੇਕ ਏਕ ਰੋਮ ਨ ਪੁਜਾਈਐ ।੫੨੨।

ਤਿਸੇ ਪ੍ਰਕਾਰ ਹੀ ਦੂਸਰਿਆਂ ਤੋਂ ਸੇਵਾ ਲੈਣੀ ਤੇ ਲੋਕਾਂ ਦੇ ਧਨ ਉਪਰ ਪੇਟ ਪਾਲਨਾ ਕਰਨੀ ਅਤੇ ਫੇਰ ਓਨਾਂ ਦੇ ਔਗੁਣ ਕੱਢਨੇ ਇਹ ਤ੍ਰਿਦੋਖ ਤਾਪਦਿੱਕ ਮੇਰੇ ਚੜ੍ਹਿਆ ਹੋਇਆ ਹੈ, ਤੇਐਸਾ ਨੀਚ ਹਾਂ ਕਿ ਅਨੇਕਾਂ ਹੀ ਅਧਮ ਨੀਚ ਪਾਂਬਰ ਮੇਰੇ ਇਕ ਵਾਲ ਦੀ ਬ੍ਰੋਬਰੀ ਨਹੀਂ ਕਰ ਸਕਦੇ ॥੫੨੨॥ ਦੇਖੋ ਵੀਚਾਰ ਕਬਿੱਤ ੫੧੩