ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 250


ਕੋਟਨਿ ਕੋਟਾਨਿ ਅਸਚਰਜ ਅਸਚਰਜਮੈ ਕੋਟਨਿ ਕੋਟਾਨਿ ਬਿਸਮਾਦਿ ਬਿਸਮਾਦ ਹੈ ।

ਕ੍ਰੋੜਾਂ ਕੋਟੀਆਂ ਅਸਚਰਜ ਇਸ ਮਹਿਮਾ ਨੂੰ ਤੱਕਦੇ ਸਾਰ ਅਸਚਰਜਮਈ ਅਚਰਜ ਰੂਪ ਹੀ ਹੋ ਜਾਇਆ ਕਰਦੇ ਹਨ। ਅਤੇ ਕ੍ਰੋੜਾਂ ਕੋਟੀਆਂ ਹਰਾਨੀਆਂ ਹਰਾਨਗੀ ਨੂੰ ਪ੍ਰਾਪਤ ਹੋ ਜਾਂਦੀਆਂ ਹਨ।

ਅਦਭੁਤ ਪਰਮਦਭੁਤ ਹੁਇ ਕੋਟਾਨਿ ਕੋਟਿ ਗਦਗਦ ਹੋਤ ਕੋਟਿ ਅਨਹਦ ਨਾਦ ਹੈ ।

ਕ੍ਰੋੜਾਂ ਕੋਟੀਆਂ ਅਨੋਖੇ ਪਨ ਅਦਭੁਤਤਾਈਆਂ ਪਰਮ ਅਨੋਖਤਾਈ ਅਲੋਕਾਰਤਾ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਅਰੁ ਇਸ ਮਹਿਮਾ ਦੀ ਸੁਰ ਅਗੇ ਕ੍ਰੋੜਾਂ ਹੀ ਅਨਹਦ ਧੁਨੀਆਂ ਗਦ ਗਦ ਪੁਲਕਿਤ ਪ੍ਰਸੰਨ ਮਗਨ ਹੋ ਜਾਇਆ ਕਰਦੀਆਂ ਹਨ।

ਕੋਟਨਿ ਕੋਟਾਨਿ ਉਨਮਨੀ ਗਨੀ ਜਾਤ ਨਹੀ ਕੋਟਨਿ ਕੋਟਾਨਿ ਕੋਟਿ ਸੁੰਨ ਮੰਡਲਾਦਿ ਹੈ ।

ਕ੍ਰੋੜਾਂ ਕੋਟੀਆਂ ਉਨਮਨੀ ਆਦਿ ਮੰਦ੍ਰਾਂ ਦੀ ਸਾਧਨਾ ਦੇ ਫਲ ਇਸ ਮਹਿਮਾ ਅਗੇ ਕੁਛ ਗਿਣਤੀ ਵਿਚ ਨਹੀਂ ਆ ਸਕਦੇ; ਭਾਵ ਤੁੱਛ ਹਨ; ਅਰੁ ਕ੍ਰੋੜਾਂ ਕੋਟੀਆਂ ਸੁੰਨ ਮੰਡਲ ਤੋਂ ਆਦਿ ਲੈ ਧਿਆਨ ਦਿਆਂ ਕੇਂਦ੍ਰਾਂ ਵਿਖੇ ਟਿਕਨ ਦਾ ਮਹਾਤਮ ਉਕਤ ਮਹਿਮਾ ਦੇ ਸਨਮੁਖ ਕਿਸੇ ਲੇਖੇ ਨਹੀਂ ਆ ਸਕਦਾ।

ਗੁਰਮੁਖਿ ਸਬਦ ਸੁਰਤਿ ਲਿਵ ਸਾਧਸੰਗਿ ਅੰਤ ਕੈ ਅਨੰਤ ਪ੍ਰਭੁ ਆਦਿ ਪਰਮਾਦਿ ਹੈ ।੨੫੦।

ਪਰ ਇਹ ਮਹਿਮਾ ਸਾਧ ਸੰਗਤ ਵਿਖੇ ਗੁਰਮਖਤਾ ਧਾਰ ਕੇ ਗੁਰ ਸ਼ਬਦ ਵਿਚ ਸੁਰਤਿ ਦੇ ਲਿਵ ਲਗਾਇਆਂ ਹੀ ਪ੍ਰਾਪਤ ਹੋਇਆ ਕਰਦੀ ਹੈ, ਅਰੁ ਇਸ ਮਹਿਮਾ ਦੇ ਸਾਖ੍ਯਾਤਕਾਰ ਪਾਇਆਂ ਉਸ ਪ੍ਰਭੂ ਸਰਬ ਸ਼ਕਤੀਮਾਨ ਅੰਤਰਯਾਮੀ ਦੇ ਸਰੂਪ ਦਾ ਅਨਭਉ ਹੋਯਾ ਕਰਦਾ ਹੈ, ਜੋ ਅੰਤ ਵਜੋਂ ਤਾਂ ਅਨੰਤ ਰੂਪ ਹੈ ਤੇ ਆਦਿ ਵਜੋਂ ਪਰਮਾਦਿ ਆਦਿ ਅਰੰਭ ਰਹਤ ਹੈ। ਭਾਵ ਅਨਾਦੀ ਅਨੰਤ ਸਰੂਪ ਵਿਖੇ ਅੰਤਰਯਾਮੀ ਅਕਾਲ ਪੁਰਖ ਦੇ ਪ੍ਰਕਾਸ਼ ਦੀ ਪ੍ਰਾਪਤੀ ਹੋਇਆ ਕਰਦੀ ਹੈ ॥੨੫੦॥


Flag Counter