ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 74


ਬਰਨ ਬਰਨ ਬਹੁ ਬਰਨ ਘਟਾ ਘਮੰਡ ਬਸੁਧਾ ਬਿਰਾਜਮਾਨ ਬਰਖਾ ਅਨੰਦ ਕੈ ।

ਬਰਨ ਬਰਨ ਰੰਗਾ ਰੰਗੀ ਬਹੁ ਬਰਨ ਬਹੁਤ ਭਾਂਤ ਦੀਆਂ ਘਟਾ ਬਦਲੀਆਂ, ਘਮੰਡ ਘਿਰਕੇ ਪਸਰਕੇ ਅਕਾਸ਼ ਵਿਚ ਬਰਖਾ ਦਾ ਅਨੰਦ ਕਰ ਦੇਣ ਤਾਂ ਬਸੁਧਾ ਬਿਰਾਜਮਾਨ = ਧਰਤੀ ਸੋਭਾਇਮਾਨ ਹੋ ਭਾਸ੍ਯਾ ਕਰਦੀ ਹੈ।

ਬਰਨ ਬਰਨ ਹੁਇ ਪ੍ਰਫੁਲਿਤ ਬਨਾਸਪਤੀ ਬਰਨ ਬਰਨ ਫਲ ਫੂਲ ਮੂਲ ਕੰਦ ਕੈ ।

ਰੰਗ ਰੰਗੀ, ਬਨਸਪਤੀਆਂ ਤ੍ਰੀਣ ਘਾਹ ਖੇਤੀਆਂ ਬਾੜੀਆਂ ਦੀ ਸਭ ਪ੍ਰਕਾਰ ਦੀ ਹਰਯੌਲ ਅਰੁ ਫਲ ਫੁਲ ਮੂਲ ਕੰਤ ਆਦਿ ਸਮੇਤ ਪ੍ਰਫੁਲਿਤ ਹੋ ਪੈਂਦੀ ਖਿੜ ਆਯਾ ਕਰਦੀ ਹੈ।

ਬਰਨ ਬਰਨ ਖਗ ਬਿਬਿਧ ਭਾਖਾ ਪ੍ਰਗਾਸ ਕੁਸਮ ਸੁਗੰਧ ਪਉਨ ਗਉਨ ਸੀਤ ਮੰਦ ਕੈ ।

ਕੁਸਮ ਸੁਗੰਧਿ ਫੁਨਾਂ ਦੀ ਸੁਗੰਧੀ, ਸੀਤਲ ਤੇ ਮੰਦ ਸਹਜ ਸਹਜ ਧੀਮੇ ਧੀਮੇ ਪੌਣ ਦੇ ਗਉਣ ਝੋਕਿਆਂ ਨਾਲ ਚਲਿਆ ਪਸਰਿਆ ਕਰਦੀ ਹੈ, ਤੇ ਰੰਗ ਰੰਗ ਦੇ ਖਗ ਪੰਛੀ ਬਿਬਿਧ ਭਾਖਾ ਪ੍ਰਗਾਸ ਨਾਨਾ ਭਾਂਤ ਦੀਆਂ ਬੋਲੀਆਂ ਦਾ ਪ੍ਰਗਾਸ ਉਜਾਲਾ ਬੋਲਣਾ ਕਰ੍ਯਾ ਕਰਦੇ ਹਨ।

ਰਵਨ ਗਵਨ ਜਲ ਥਨ ਤ੍ਰਿਨ ਸੋਭਾ ਨਿਧਿ ਸਫਲ ਹੁਇ ਚਰਨ ਕਮਲ ਮਕਰੰਦ ਕੈ ।੭੪।

ਰਵਨ ਗਵਨ ਗਵਨ ਗੈਨ ਗਗਨ ਅਕਾਸ਼ ਰਵਨ ਸੁੰਦਰ ਲਗਨ ਲੱਗ ਪੈਂਦਾ ਹੈ ਤੇ ਜਲ ਥਲ ਅਰ ਤ੍ਰਿਣ ਘਾਹ ਵਗੈਰਾ ਸਭ ਹੀ ਸੋਭਾ ਦੇ ਅਸਥਾਨ ਬਣ ਜਾਂਦੇ ਹਨ। ਭਾਵ ਇਹ ਸਭ ਕੁਛ ਕਥਨ ਕੀਤੀ ਸੁੰਦਰਤਾ ਤਦੇ ਹੀ ਸਫਲ ਹੋ ਸਕਦੀ ਹੈ ਜੇ ਸਤਿਗੁਰਾਂ ਦੇ ਚਰਣਾਂ ਦੀ ਧੂਲੀ ਇਨਾਂ ਨੂੰ ਪ੍ਰਾਪਤ ਹੋਵੇ ਤਾਂ ਅਥਵਾ ਜੀਕੂੰ ਇਹ ਸਭ ਧਰਤੀ ਤੇ ਆਕਾਸ ਦੀ ਸੁੰਦਰਤਾ ਇਕ ਬਰਖਾ ਦੇ ਹੋਣ ਕਾਰਨ ਹੀ ਸਫਲੀ ਤੇ ਰਮਣੀਕ ਹੋ ਸਕਿਆ ਕਰਦੀ ਹੈ ਤੀਕੂੰ ਹੀ ਸਰਬ ਪ੍ਰਕਾਰ ਦੀ ਮਾਨੁਖੀ ਸੁੰਦ੍ਰਤਾ ਅਰੁ ਸਿੰਗਾਰ ਤਥਾ ਵਿਭੂਤੀ ਸਤਿਗੁਰਾਂ ਦੇ ਚਰਣ ਕਮਲਾਂ ਦੀ ਮਕਰੰਦ ਧੂਲੀ ਦੇ ਪ੍ਰਾਪਤ ਹੋਣ ਤੇ ਹੀ ਸਫਲ ਹੋ ਸਕਦੀ ਹੈ ॥੭੪॥


Flag Counter