ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 338


ਚਰਨ ਕਮਲ ਰਜ ਮਜਨ ਕੈ ਦਿਬਿ ਦੇਹ ਮਹਾ ਮਲਮੂਤ੍ਰ ਧਾਰੀ ਨਿਰੰਕਾਰੀ ਕੀਨੇ ਹੈ ।

ਚਰਣ ਕਮਲਾਂ ਦੀ ਧੂਲੀ ਸਰੀਰ ਉਪਰ ਮਰਦਨ ਕਰਨ ਨਾਲ ਦੇਹ ਦਿਬ੍ਯ ਭਾਵ ਵਾਲੀ ਅਤ੍ਯੰਤ ਮਨੋਹਰ ਸੁੰਦ੍ਰ = ਤੇਜ ਪ੍ਰਤਾਪ ਭਰੀ ਦਮਕ ਵਾਲੀ ਬਣ ਜਾਂਦੀ ਹੈ ਅਤੇ ਮਹਾਂ ਮਲ ਮੂਤ੍ਰ ਧਾਰੀ ਅਤ੍ਯੰਤ ਕਰ ਕੇ ਹੱਡ ਚੰਮ ਦੀ ਲਿੰਬਾ ਪੋਚੀ ਤੇ ਸੁਆਰ ਸ਼ਿੰਗਾਰੀ ਪ੍ਰਵਿਤਰੀ ਵਿਚ ਆਯੂ ਬਿਤੀਤ ਕਰਣ ਹਾਰੇ, ਨਿਰੰਕਾਰੀ = ਰੱਬੀ ਲੋਰ ਨਿਰੰਕਾਰ ਵਾਲੇ = ਗੁਰਸਿੱਖ ਬਣ ਜਾਂਦੇ ਹਨ।

ਚਰਨ ਕਮਲ ਚਰਨਾਮ੍ਰਿਤ ਨਿਧਾਨ ਪਾਨ ਤ੍ਰਿਗੁਨ ਅਤੀਤ ਚੀਤ ਆਪਾ ਆਪ ਚੀਨੇ ਹੈ ।

ਅੰਮ੍ਰਿਤ ਨਿਧਾਨ ਅੰਮ੍ਰਿਤ ਦੇ ਭੰਡਾਰ ਚਰਣ ਕਮਲਾਂ ਦੇ ਚਰਣ+ਅੰਮ੍ਰਿਤ ਨੂੰ ਪਾਨ ਕੀਤਿਆਂ ਛਕਿਆਂ ਚਿੱਤ ਤਿੰਨਾਂ ਗੁਣਾਂ ਦੀ ਰਾਜਸੀ, ਤਾਮਸੀ ਵਾ ਸਾਤਕੀ ਪ੍ਰਵਿਰਤੀ ਤੋਂ ਅਤੀਤ ਅਸੰਗ ਹੋ ਕੇ ਆਪੇ ਵਿਖੇ ਆਪੇ ਨੂੰ ਵਾ ਸਰਬ ਸਰੂਪੀ ਆਪ ਹੀ ਆਪ ਭਗਵੰਤ ਰਮ੍ਯਾ ਹੋਯਾ ਪਛਾਣ ਲੈਂਦੇ ਹਨ।

ਚਰਨ ਕਮਲ ਨਿਜ ਆਸਨ ਸਿੰਘਾਸਨ ਕੈ ਤ੍ਰਿਭਵਨ ਅਉ ਤ੍ਰਿਕਾਲ ਗੰਮਿਤਾ ਪ੍ਰਬੀਨੇ ਹੈ ।

ਚਰਨ ਕਮਲਾਂ ਨੂੰ ਹੀ ਸਿੰਘਾਸਨ ਧ੍ਯਾਨ ਵਿਖ ਪਰਮ ਉਪਯੋਗੀ ਪੰਚਮੁਖੀ ਆਸਨ ਦੀ ਭੌਣੀ ਧਾਰ ਕੇ ਜਿਸ ਨੇ ਨਿਜ ਆਸਨ ਆਪਣੀ ਇਸਥਿਤੀ ਉਨ੍ਹਾਂ ਵਿਖੇ ਕੀਤੀ, ਉਤ ਤ੍ਰਿਲੋਕੀ ਅੰਦਰਲੇ ਤਥਾ ਤਿੰਨਾਂ ਕਾਲਾਂ ਵਿਖੇ ਵਰਤ ਰਹੇ ਵਰਤਾਰੇ ਦੀ ਗੰਮਿਤਾ ਗ੍ਯਾਤ ਜਾਣਕਾਰੀ ਲਈ ਪ੍ਰਬੀਨੇ ਹੈ ਦੂਰ ਬੈਠੇ ਭੀ ਤੱਕਨ ਹਾਰੇ ਇਸ ਸਥੂਲ ਸਰੀਰ ਅੰਦਰ ਹੁੰਦ੍ਯਾਂ ਹੀ ਸਾਰਾ ਠਾਠ ਜ੍ਯੋਂ ਕਾ ਤ੍ਯੋਂ ਦੇਖਨ ਵਾਲੇ ਤੱਤ ਦਰਸ਼ੀ ਬਣ ਜਾਂਦੇ ਹਨ।

ਚਰਨ ਕਮਲ ਰਸ ਗੰਧ ਰੂਪ ਸੀਤਲਤਾ ਦੁਤੀਆ ਨਾਸਤਿ ਏਕ ਟੇਕ ਲਿਵ ਲੀਨੇ ਹੈ ।੩੩੮।

ਸਾਰ ਕੀਹ ਕਿ ਚਰਣ ਕਮਲਾਂ ਦੇ ਅੰਮ੍ਰਿਤ ਰਸ ਦੇ ਪੀਣ ਹਾਰੇ, ਰਜ ਨੂੰ ਮਸਤਕ ਤੇ ਲਗਾਂਦੇ ਮਾਨੋ ਸੁੰਘਨ ਹਾਰੇ ਤੇ ਰੂਪ ਓਨਾਂ ਦਾ ਦਰਸ਼ਨ ਕਰਨਹਾਰੇ, ਤਥਾ ਓਨ੍ਹਾਂ ਨੂੰ ਹੱਥਾਂ ਨਾਲ ਸਪਰਸ਼ ਕਰ ਦਿਬ੍ਯ ਸੀਤਲਤਾ ਨੂੰ ਅਨੁਭਵ ਕਰਣ ਹਾਰੇ ਪੁਰਖ ਦੀ ਦ੍ਰਿਸ਼ਟੀ ਵਿਚੋਂ ਦੂਈ ਦ੍ਵੈਤ ਮੂਲੋਂ ਹੀ ਨਸ਼ਟ ਹੋ ਜਾਂਦੀ ਹੈ ਤੇ ਇ ਮਾਤ੍ਰ ਚਰਣ ਕਮਲਾਂ ਦੀ ਹੀ ਟੇਕ ਧਾਰ ਕੇ ਉਹ ਲਿਵ ਲਗਾਈ ਮਗਨ ਰਿਹਾ ਕਰਦਾ ਹੈ ॥੩੨੮॥