ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 394


ਜੈਸੇ ਦਰਪਨਿ ਦਿਬਿ ਸੂਰ ਸਨਮੁਖ ਰਾਖੈ ਪਾਵਕ ਪ੍ਰਗਾਸ ਹੋਟ ਕਿਰਨ ਚਰਿਤ੍ਰਿ ਕੈ ।

ਜਿਸ ਪ੍ਰਕਾਰ ਦਿਬਿ ਦਰਪਨ ਆਤਸ਼ੀ ਸ਼ੀਸ਼ੇ ਨੂੰ ਸੂਰਜ ਦੇ ਸਾਹਮਣੇ ਰਖਿਆਂ ਕਿਰਣਾਂ ਦੇ ਚਰਿਤ੍ਰ ਕੈ ਓਸ ਅੰਦਰ ਸੰਚਾਰ ਹੋ ਔਣ ਚਲੀਆਂ ਔਣ ਨਾਲ ਅਗਨੀ ਪ੍ਰਚੰਡ ਹੋ ਪਿਆ ਕਰਦੀ ਹੈ।

ਜੈਸੇ ਮੇਘ ਬਰਖਤ ਹੀ ਬਸੁੰਧਰਾ ਬਿਰਾਜੈ ਬਿਬਿਧਿ ਬਨਾਸਪਤੀ ਸਫਲ ਸੁਮਿਤ੍ਰ ਕੈ ।

ਜਿਸ ਤਰ੍ਹਾਂ ਬਦਲ ਦੇ ਵਰ੍ਹਦਿਆ ਸਾਰ ਹੀ ਬਸੁੰਧਰਾ ਧਰਤੀ ਬਿਰਾਜੈ ਵਿਸ਼ੇਸ਼ ਕਰ ਕੇ ਹਿਰ੍ਯੌਲ ਨਾਲ ਸੁਸ਼ੋਭਿਤ ਹੋ ਆਯਾ ਕਰਦੀ ਹੈ ਤੇ ਅਨੇਕ ਭਾਂਤ ਦੀਆਂ ਫਲਦਾਰ ਬਨਾਸਪਤੀਆਂ ਬੂਟੇ ਬੂਟੀਆਂ ਰਾਹੀਂ ਸੁਮਿਤ੍ਰ ਕੈ ਅਪਣਾ ਮਿਤ੍ਰਪੁਣਾ ਕਰਦੀ ਦਿਖਾਯਾ ਕਰਦੀ ਹੈ ਅਰਥਾਤ ਬਦਲ ਦੀ ਪ੍ਰਸੰਨਤਾ ਦੇ ਸਤਿਕਾਰ ਵਜੋਂ ਅਗੋਂ ਆਪਨੇ ਮਿਤ੍ਰਾਨੇ ਆਪੋ ਵਿਚ ਦੇ ਪ੍ਰੀਤੀ ਭਾਵ ਨੂੰ ਪ੍ਰਗਟਾਯਾ ਕਰਦੀ ਹੈ।

ਭੈਟਤ ਭਤਾਰਿ ਨਾਰਿ ਸੋਭਤ ਸਿੰਗਾਰਿ ਚਾਰਿ ਪੂਰਨ ਅਨੰਦ ਸੁਤ ਉਦਿਤਿ ਬਚਿਤ ਕੈ ।

ਇਸਤ੍ਰੀ ਸੁੰਦਰ ਸ਼ਿੰਗਾਰ ਨਾਲ ਸ਼ੋਭਦੀ ਹੋਈ ਜਿਸ ਭਾਂਤ ਇਵੇਂ ਹੀ ਪਤੀ ਦੇ ਭੇਟਦੇ ਸਾਰ ਪੂਰਨ ਆਨੰਦ ਪਤੀ ਦੇ ਮਿਲਾਪ ਨੂੰ ਮਾਣਦੀ ਹੋਈ ਦੇ ਘਰ ਬਿਚਿਤ੍ਰ ਸੁੰਦ੍ਰ ਪੁਤ੍ਰ ਉਪਜਿਆ ਕਰਦਾ ਹੈ।

ਸਤਿਗੁਰ ਦਰਸਿ ਪਰਸਿ ਬਿਗਸਤ ਸਿਖ ਪ੍ਰਾਪਤ ਨਿਧਾਨ ਗਿਆਨ ਪਾਵਨ ਪਵਿਤ੍ਰ ਕੈ ।੩੯੪।

ਤਿਸੀ ਪ੍ਰਕਾਰ ਹੀ ਸਤਿਗੁਰਾਂ ਦੇ ਦਰਸ਼ਨ ਪਰਸਨ ਨਾਲ ਸਿੱਖ ਭੀ ਬਿਗਸਤ ਪ੍ਰਫੁਲਿਤ ਹੋਯਾ ਕਰਦਾ ਹੈ ਤੇ ਨਾਲ ਹੀ ਪਾਵਨ ਪਵਿਤ੍ਰ ਕਰਣ ਹਾਰਾ ਪਵਿਤ੍ਰ ਮਹਾਨ ਪਵਿਤ੍ਰ ਗ੍ਯਾਨ ਜੋ ਸਮੂਹ ਨਿਧਾਂ ਦਾ ਅਸਥਾਨ ਹੈ ਓਸ ਨੂੰ ਪ੍ਰਾਪਤ ਹੋਯਾ ਕਰਦਾ ਹੈ ॥੩੯੪॥


Flag Counter