ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 39


ਬਰਨ ਬਰਨ ਬਹੁ ਬਰਨ ਗੋਬੰਸ ਜੈਸੇ ਏਕ ਹੀ ਬਰਨ ਦੁਹੇ ਦੂਧ ਜਗ ਜਾਨੀਐ ।

ਰੰਗ ਰੰਗ ਦੀ ਰੰਗ ਬਰੰਗੀ ਨ੍ਯਾਰੇ ਰੰਗਾਂ ਦੀ ਹੋਣ ਕਰ ਕੇ ਜਿਸ ਤਰ੍ਹਾਂ ਗਊ ਜਾਤੀ ਬਹੁ ਬਰਨ ਬਹੁਤ ਰੰਗਾਂ ਦੀ ਆਖਣ ਵਿਚ ਆ ਰਹੀ ਹੈ, ਪ੍ਰੰਤੂ ਦੁਧ ਚੋਇਆ ਸਭ ਦਾ ਹੀ ਇਕੋ ਰੰਗ ਦਾ ਹੁੰਦਾ ਹੈ, ਇਹ ਗੱਲ ਸਾਰਾ ਜਗਤ ਹੀ ਜਾਣਦਾ ਹੈ ਬੱਸ ਐਸਾ ਹੀ ਹਾਲ ਗੁਣ ਕਰਮ ਦੇ ਅਨੁਸਾਰ ਮਨੁੱਖ ਜਾਤੀ ਦਾ ਸਮਝੋ ਬ੍ਰਾਹਮਣ, ਖ੍ਯਤ੍ਰੀ, ਵੈਸ਼, ਅਰ, ਸ਼ੂਦਰ ਸੰਗ੍ਯਾ ਇਸੇ ਤਰ੍ਹਾਂ ਹੀ ਪਈ ਹੋਈ ਹੈ ਗਊਆਂ ਦੇ ਦੁਧ ਵਤ ਪਰਮਾਤਮਾ ਦੀ ਸਤ੍ਯਾ ਸਭ ਪ੍ਰਾਣੀ ਮਾਤ੍ਰ ਅੰਦਰ ਇਕ ਸਰੂਪ ਹੀ ਹੈ।

ਅਨਿਕ ਪ੍ਰਕਾਰ ਫਲ ਫੂਲ ਕੈ ਬਨਾਸਪਤੀ ਏਕੈ ਰੂਪ ਅਗਨਿ ਸਰਬ ਮੈ ਸਮਾਨੀਐ ।

ਹੋਰ ਦ੍ਰਿਸ਼ਟਾਂਤ: ਫਲ ਫੁਲ ਆਦਿ ਦੇ ਅੱਡੋ ਅੱਡ ਭੇਦ ਭਾਵ ਦਿਖਾਈ ਦੇਣ ਕਰ ਕੇ, ਬਨਾਸਪਤੀ ਅਨੇਕ ਪ੍ਰਕਾਰ ਦੀ ਕਹੀ ਜਾਂਦੀ ਹੈ, ਪਰ ਅਗਨੀ ਇਕ ਰੂਪ ਹੀ ਸਭ ਵਿਖੇ ਸਮਾਈ ਹੋਈ ਹੈ ਇਞੇਂ ਹੀ ਪਰਮਾਤਮਾ ਦਾ ਪ੍ਰਕਾਸ਼ ਸਭ ਜੀਵ ਮਾਤ੍ਰ ਵਿਖੇ ਇਕ ਸਮਾਨ ਰਮਿਆ ਹੋਯਾ ਹੈ।

ਚਤੁਰ ਬਰਨ ਪਾਨ ਚੂਨਾ ਅਉ ਸੁਪਾਰੀ ਕਾਥਾ ਆਪਾ ਖੋਇ ਮਿਲਤ ਅਨੂਪ ਰੂਪ ਠਾਨੀਐ ।

ਪਾਨ, ਸੁਪਾਰੀ, ਚੂਨਾ ਅਤੇ ਕੱਥ- ਏਨਾਂ ਚੌਹਾਂ ਦਾ ਹੀ ਅਡੋ ਅੱਡ ਚਾਰ ਪ੍ਰਕਾਰ ਦਾ ਰੰਗ ਹੈ, ਜਤ ਆਪੋ ਵਿਚ ਮਿਲ ਕੇ ਆਪਾ ਗੁਵਾ ਦੇਂਦੇ ਹਨ ਤਾਂ ਉਪਮਾ ਤੋਂ ਰਹਿਤ ਸੁੰਦਰ ਲਾਲ ਗੁਲਾਲ ਰੰਗ ਬਣ ਜਾਇਆ ਕਰਦਾ ਹੈ। ਏਹੋ ਹੀ ਹਾਲਤ ਅੱਡ ਅੱਡ ਕਰਣੀ ਕਰਮ ਆਦਿਕਾਂ ਦੇ ਅਭਿਮਾਨ ਕਰ ਕੇ ਬ੍ਰਾਹਮਣ ਆਦਿ ਚਾਰ ਵਰਣ ਯਾ ਅਨੇਕ ਜਾਤੀਆਂ ਦੀ ਕਹੇ ਜਾਣ ਦੀ ਹੈ; ਪ੍ਰੰਤੂ ਆਤਮ ਸੱਤਾ ਉਪਰ ਨਿਗ੍ਹਾ ਪਸਾਰ੍ਯਾਂ ਕੋਈ ਭਿੰਨ ਭੇਦ ਨਹੀਂ ਭਾਸਦਾ।

ਲੋਗਨ ਮੈ ਲੋਗਾਚਾਰ ਗੁਰਮੁਖਿ ਏਕੰਕਾਰ ਸਬਦ ਸੁਰਤਿ ਉਨਮਨ ਉਨਮਾਨੀਐ ।੩੯।

ਸੋ ਦੁੱਧ ਦ੍ਰਿਸ਼ਟੀ ਕਰ ਕੇ ਗਊ ਜਾਤੀ ਦੀ ਏਕਤਾ ਵਤ ਅਰੁ ਅਗਨੀ ਦੀ ਨਿਗ੍ਹਾ ਨਾਲ ਬਨਸਪਤੀ ਦੀ ਇਕ ਰੂਪਤਾ ਨ੍ਯਾਈਂ ਤਥਾ ਲਾਲੀ ਵਾਲੀ ਇਕਾਈ ਵਿਚ ਪਾਨ ਸੁਪਾਰੀ ਆਦਿ ਦੀ ਅੱਡੋ ਅੱਡ ਦਸ਼ਾ ਦੇ ਵਿਲ੍ਯ ਹੋਣ ਸਮਾਨ ਲੋਕਾਚਾਰ ਦ੍ਰਿਸ਼ਟੀ ਨਾਲ ਚਾਹੇ ਲੋਕ ਨ੍ਯਾਰੇ ਨ੍ਯਾਰੇ ਹੋਣ ਪ੍ਰੰਤੂ ਗੁਰਮੁਖ ਭਾਵ ਗੁਰ ਸਿੱਖੀ ਭਾਵ ਵਿਖੇ ਇਕੋ ਆਕਾਰ ਇਕ ਸਰੂਪ ਹੀ ਹੋ ਜਾਯਾ ਕਰਦੇ ਹਨ, ਹਾਂ ਸੁਰਤਿ ਜੇਕਰ ਸਬਦ ਗੁਰੂ ਕੇ ਉਪਦੇਸ਼ ਵਿਚ ਉਨਮਨ ਉਤਕੰਠਾ ਵਲੀ ਬਣ ਜਾਵੇ ਮਗਨ ਹੋ ਜਾਵੇ ਤਾਂ ਇਸ ਏਕਤਾ ਦੇ ਭਾਵ ਨੂੰ ਉਨ ਮਾਨੀਐ = ਵੀਚਾਰ ਵਿਚ ਲ੍ਯਾਂਦਾ ਯਾ ਅਨਭਉ ਕੀਤਾ ਜਾ ਸਕਦਾ ਹੈ ॥੩੯॥