ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 79


ਬੋਹਿਥਿ ਪ੍ਰਵੇਸ ਭਏ ਨਿਰਭੈ ਹੁਇ ਪਾਰਗਾਮੀ ਬੋਹਿਥ ਸਮੀਪ ਬੂਡਿ ਮਰਤ ਅਭਾਗੇ ਹੈ ।

ਬੋਹਿਥ ਪ੍ਰਵੇਸ ਭਏ ਜਹਾਜ ਅੰਦਰ ਵੜ ਬੈਠਿਆਂ ਚੜ੍ਹ ਪਿਆਂ ਨਿਰਭੈ ਹੋਇ ਪਾਰ ਗਰਾਮੀ ਬੇ ਖਟਕੇ ਹੋ ਜਾਈ ਦਾ ਹੈ ਪਾਰਗਰਾਮੀ ਪਾਰ ਪਹੁੰਚਨ ਵਾਲੇ ਅਥਵਾ ਪਾਰ ਵਾਸੀ ਪਾਰ ਗਰਾਮ ਪਾਰਲੇ ਪਿੰਡ ਵਿਚ ਵੱਸਨ ਵਾਲੇ ਪਰ ਜਹਾਜ਼ ਦੇ ਸਮੀਪ ਨੇੜੇ ਹੁੰਦਿਆਂ ਹੋਇਆ ਭੀ ਮੰਦ ਭਾਗਾਂ ਵਲੇ ਬਦ ਕਿਸਮਤੇ ਡੁੱਬਕੇ ਹੀ ਮਰ ਜਾਂਦੇ ਹਨ ਉਨ੍ਹਾਂ ਨੂੰ ਛਲ ਸਮੇਟ ਲਜਾਇਆ ਕਰਦੀ ਹੈ। ਭਾਵ ਗੁਰੂ ਬੰਸੀ ਆਦਿ ਹੋਣ ਦਾ ਮਾਨ ਧਾਰ ਕੇ ਯਾ ਕੜਾਹ ਪ੍ਰਸ਼ਾਦ ਆਦਿ ਦਾ ਲੋਭ ਆਪਣੇ ਅੰਦਰ ਰੱਖ ਕੇ ਸਦੀਵ ਕਾਲ ਸਤਿਗੁਰਾਂ ਦੀ ਸੰਗਤਿ ਵਿਚ ਰਹਿ ਕੇ ਭੀ ਉਪਦੇਸ਼ ਧਾਰੇ ਬਿਨਾਂ ਵਾ ਚਰਣਾਂ ਦੀ ਓਟ ਲਏ ਬਾਝੋਂ ਮਾਯਾ ਦੇ ਰੋੜ੍ਹ ਵਿਚ ਹੀ ਰੁੜ੍ਹ ਜਾਯਾ ਕਰਦੇ ਹਨ।

ਚੰਦਨ ਸਮੀਪ ਦ੍ਰੁਗੰਧ ਸੋ ਸੁਗੰਧ ਹੋਹਿ ਦੁਰੰਤਰ ਤਰ ਗੰਧ ਮਾਰੁਤ ਨ ਲਾਗੇ ਹੈ ।

ਚੰਨਣ ਦੇ ਨੇੜੇ ਬਿਰਛ ਦੁਰਗੰਧ ਸੋ ਦੁਰਗੰਧੀ ਸਹਿਤ ਖੋਟੀ ਬਾਸਨਾ ਵਾਲੇ ਹਰਿੰਡ ਆਦਿ ਸੁਗੰਧ ਹੋਇ ਸ੍ਰੇਸ਼ਟ ਬਾਸਨਾ ਵਾਲੇ ਬਣ ਜਾਂਦੇ ਹਨ ਦੂਰ+ਅਨ੍ਯਤ੍ਰ ਦੂਰ+ਹੋਰ ਦਿਰੇ ਵਾ ਦੂਰ+ਅੰਤਰ = ਦੂਰ+ਅੰਤਰ, ਦੂਰ ਓਹਲੇ ਫਾਸਲੇ ਤੇ ਰਹਿਣ ਵਾਲੇ ਤਰ ਬਿਰਛਾਂ ਨੂੰ ਗੰਧ ਮਾਰੁਤ ਚੰਨਣ ਦੀ ਸੁਗੰਧੀ ਵਾਲੀ ਪੌਣ ਸਪਰਸ਼ ਹੀ ਨਹੀਂ ਕਰ ਸਕਿਆ ਕਰਦੀ ਜਿਸ ਕਰ ਕੇ ਉਹ ਜੇਹੇ ਤੇ ਤੇਹੇ ਹੀ ਰਹਿ ਜਾਂਦੇ ਹਨ ਭਾਵ ਸਮੀਪ ਵੱਸੇ ਤੇ ਸ਼ਬਦ ਦਾ ਆਸਰਾ ਧਾਰ ਕੇ ਵੱਸੇ ਤਾਂ ਲਾਭ ਪੁਜਦਾ ਹੈ।

ਸਿਹਜਾ ਸੰਜੋਗ ਭੋਗ ਨਾਰਿ ਗਰ ਹਾਰਿ ਹੋਤ ਪੁਰਖ ਬਿਦੇਸਿ ਕੁਲ ਦੀਪਕ ਨ ਜਾਗੇ ਹੈ ।

ਸਿਹਜਾ ਸੰਜੋਗ ਭੋਗ ਜੇਕਰ ਪਤੀ ਨਾਲ ਸਿਹਜਾ ਭੋਗ ਮਾਨਣ ਦਾ ਸੰਜੋਗ ਅਉਸਰ ਮਿਲਿਆ ਹੋਯਾ ਹੋਵੇ, ਤਾਂ ਨਾਰ ਗਰ ਹਾਰ ਹੋਤ ਇਸਤ੍ਰੀਭਰਤਾ ਦੇ ਗਲ ਦਾ ਹਾਰ ਹੁਦੀ ਹੈ ਭਰਤਾ ਦੇ ਗਲ ਲਗਦੀ ਹੈ ਯਾ ਭਰਤਾ ਉਸ ਦੇ ਗਲ ਦਾ ਹਾਰ ਬਣਦਾ ਹੈ। ਭਾਵ ਓਸ ਦੇ ਕੰਠ ਲਗਦਾ ਹੈ, ਪ੍ਰੰਤੂ ਜੇ ਪੁਰਖ ਹੋਵੇ ਬਿਦੇਸ ਵਾਂਢੇ ਗਿਆ ਹੋਯਾ ਤਾਂ ਓਸ ਦੇ ਕੁਲ = ਕੁੱਲੇ -ਘਰ ਦੀਵਾ ਭੀ ਨਹੀਂ ਜਗਿਆ ਕਰਦਾ ਹੈ। ਅਥਵਾ ਓਸ ਦੇ ਕੁਲ ਦਾ ਦੀਵਾ ਨਹੀਂ ਜਾਗ੍ਯਾ ਕਰਦਾ ਵਾ ਪੁਤਰ ਪ੍ਰਾਪਤੀ ਨਹੀਂ ਹੋ ਸਕ੍ਯਾ ਕਰਦੀ ਹੈ।

ਸ੍ਰੀ ਗੁਰੂ ਕ੍ਰਿਪਾ ਨਿਧਾਨ ਸਿਮਰਨ ਗਿਆਨ ਧਿਆਨ ਗੁਰਮੁਖ ਸੁਖਫਲ ਪਲ ਅਨੁਰਾਗੇ ਹੈ ।੭੯।

ਤਾਤਪ੍ਰਯ ਕੀਹ ਕਿ ਜੀਕੂੰ ਪਹਿਲੇ ਅਰੁ ਪਿਛਲਿਆਂ ਉਦਾਹਰਣਾਂ ਤੋਂ ਲਾਭ ਪ੍ਰਾਪਤੀ ਵਾਸਤੇ ਦੂਰ ਨੇੜੇ ਦਾ ਕੋਈ ਨਿਯਮ ਨਹੀਂ ਤੀਕੂੰ ਹੀ ਕਿਰਪਾ ਦੇ ਭੰਡਾਰੇ ਵਾ ਕਿਰਪਾ ਸਾਗਰ ਸਤਿਗੁਰਾਂ ਨੂੰ ਕੋਈ ਸਿਮਰਣ ਯਾਦ ਕਰ ਓਨਾਂ ਦਾ ਗ੍ਯਾਨ ਸ਼ਬਦ ਉਪਦੇਸ਼ ਸੁਣੇ ਅਥਵਾ ਧ੍ਯਾਨ ਕਰੇ ਹਰ ਪ੍ਰਕਾਰ ਹੀ ਉਸ ਗੁਰਮੁਖ ਨੂੰ ਸੁਖ ਰੂਪ ਫਲ ਪ੍ਰਾਪਤ ਹੋਯਾ ਕਰਦਾ ਹੈ ਪਰ ਜੇਕਰ ਪਲ ਭਰ ਭੀ ਅਨੁਰਾਗੇ ਪ੍ਰੇਮ ਵਿਚ ਹੋ ਕੇ ਕਰੇ ਤਾਂ ਭਾਵ ਅਨੁ+ਰਾਗੇ = ਸਤਿਗੁਰਾਂ ਦੇ ਰਾਗੇ ਪ੍ਰੀਤ ਦੇ ਅਨੁ ਅਨੁਸਾਰੀ ਹੋ ਕੇ ਗੁਰੂ ਮਹਾਰਾਜ ਦਾ ਸੇਵਨ ਕਿਸੇ ਪ੍ਰਕਾਰ ਭੀ ਕੋਈ ਦੂਰ ਨੇੜੇ ਰਹਿ ਕੇ ਕਰੇ ਸਭ ਤਰ੍ਹਾਂ ਹੀ ਸੁਖਦਾਈ ਹੈ ॥੭੯॥


Flag Counter