ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 231


ਜੈਸੇ ਪੰਛੀ ਉਡਤ ਫਿਰਤ ਹੈ ਅਕਾਸਚਾਰੀ ਜਾਰਿ ਡਾਰਿ ਪਿੰਜਰੀ ਮੈ ਰਾਖੀਅਤਿ ਆਨਿ ਕੈ ।

ਜਿਸ ਤਰ੍ਹਾਂ ਅਕਾਸ਼ ਵਿਚ ਵਿਚਰਤਾ ਹਇਅ ਉਡਦਾ ਫਿਰਦਾ ਪੰਛੀ ਜਾਲੀ ਤਾਣ ਕੇ ਫੜ ਲਿਆਈਦਾ ਤੇ ਪਿੰਜਰੇ ਵਿਚ ਪਾ ਰਖੀਦਾ ਹੈ।

ਜੈਸੇ ਗਜਰਾਜ ਗਹਬਰ ਬਨ ਮੈ ਮਦੋਨ ਬਸਿ ਹੁਇ ਮਹਾਵਤ ਕੈ ਅੰਕੁਸਹਿ ਮਾਨਿ ਕੈ ।

ਅਥਵਾ ਜੈਸੇ ਗਹਿਬਰ ਬਨ ਘਨੇ ਜੰਗਲ ਅੰਦਰ ਹਾਥੀਆਂ ਦਾ ਮਦਮੱਤ ਸ੍ਰਦਾਰ ਹਾਥੀ ਮਹਾਵਤ ਦੇ ਅੰਕੁਸ਼ ਕੁੰਡੇ ਨੂੰ ਮੰਨ ਕੇ ਪ੍ਰਵਾਣ ਕਰ ਕੇ ਓਸ ਦੇ ਅਧੀਨ ਹੋ ਜਾਂਦਾ ਹੈ।

ਜੈਸੇ ਬਿਖਿਆਧਰ ਬਿਖਮ ਬਿਲ ਮੈ ਪਤਾਲ ਗਹੇ ਸਾਪਹੇਰਾ ਤਾਹਿ ਮੰਤ੍ਰਨ ਕੀ ਕਾਨਿ ਕੈ ।

ਇਸੀ ਪ੍ਰਕਾਰ ਜੈਸੇ ਬਿਖਿਆਧਰ ਸਰਪ ਬਿਖਮ ਦੁਰਗਮ ਬਿਖੜੀ ਵਿੰਗ ਤੜਿੰਗੀ ਬਿੱਲ ਖੁੱਡ ਵਿਖੇ ਕਿਤੇ ਪਾਤਾਲ ਅੰਦਰ ਬੈਠਾ ਹੋਇਆ ਹੁੰਦਾ ਹੈ। ਤਿਸ ਨੂੰ ਸਪੇਲਾ ਸੱਪ ਫੜਨ ਵਾਲਾ ਬੰਗਾਲੀ ਬੀਨ ਦ੍ਵਾਰੇ ਮੰਤ੍ਰਾਂ ਦੀ ਕਾਨ ਸਗੁੰਧ ਪਾ ਪਾ ਕੇ ਫੜ ਲੈਂਦਾ ਹੈ।

ਤੈਸੇ ਤ੍ਰਿਭਵਨ ਪ੍ਰਤਿ ਭ੍ਰਮਤ ਚੰਚਲ ਚਿਤ ਨਿਹਚਲ ਹੋਤ ਮਤਿ ਸਤਿਗੁਰ ਗਿਆਨ ਕੈ ।੨੩੧।

ਇਸੀ ਪ੍ਰਕਾਰ ਤਿੰਨਾਂ ਭੁਵਨਾਂ ਪ੍ਰ੍ਯੰਤ ਭਟਕਦਾ ਹੋਇਆ ਚੰਚਲ ਚਿੱਤ ਸਤਿਗੁਰਾਂ ਦੇ ਗਿਆਨ ਉਪਦੇਸ਼ ਨੂੰ ਸੁਣਨ ਸਾਰ ਅੱਚਲ ਇਕਾਗ੍ਰ ਹੋ ਜਾਇਆ ਕਰਦਾ ਹੈ ਤਾਤੇ ਮਨੁੱਖ ਬਹੁਤ ਸ਼ੀਘਰ ਗੁਰਮੁਖਤਾ ਧਾਰਣ ਕਰੇ ॥੨੩੧॥


Flag Counter