ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 307


ਸਕਲ ਬਨਾਸਪਤੀ ਬਿਖੈ ਦ੍ਰੁਮ ਦੀਰਘ ਦੁਇ ਨਿਹਫਲ ਭਏ ਬੂਡੇ ਬਹੁਤ ਬਡਾਈ ਕੈ ।

ਸਭ ਪ੍ਰਕਾਰ ਦੀ ਬਨਰਾਉ ਬੂਟੇ ਬਿਰਛ ਆਦਿ ਵਿਚੋਂ ਦੋ ਬਿਰਛ ਬਹੁਤ ਵਡੇ ਹਨ ਇਕ ਸਿੰਬਲ ਤੇ ਦੂਸਰੇ ਵਾਂਸ ਪਰ ਇਹ ਅਪਣੀ ਬਹੁਤ ਬਡਾਈ ਉਚਾਈ ਤੇ ਪਸਰਾਉ ਵਿਚ ਬੂਡੇ = ਡੁਬੈ ਹੋਏ ਮਗਨ ਹੋਣ ਕੈ ਕਰ ਕੇ ਅਫਲ ਹੀ ਬਣੇ ਰਹਿੰਦੇ ਹਨ।

ਚੰਦਨ ਸੁਬਾਸਨਾ ਕੈ ਸੇਂਬੁਲ ਸੁਬਾਸ ਹੋਤ ਬਾਂਸੁ ਨਿਰਗੰਧ ਬਹੁ ਗਾਂਠਨੁ ਢਿਠਾਈ ਕੈ ।

ਹਾਂ! ਸਿੰਗਲ ਦਾ ਬਿਰਛ ਚੰਨਣ ਦੀ ਸਮੀਪਤਾ ਹੁੰਦਿਆਂ ਕਦਾਚਿਤ ਪੌਣ ਦੇ ਊਰਧਗਾਮੀ ਹੋ ਚਲਣ ਸਮੇਂ ਓਸ ਦੀ ਸੁਬਾਸਨਾ ਕੈ ਸੁਗੰਧੀ ਨਾਲ ਸੁਬਾਸ ਹੋਤ ਸੁੰਦਰ ਲਪਟਾਂ ਵਾਲਾ ਚੰਨਣ ਬਣ ਸਕਦਾ ਹੈ, ਪਰੰਤੂ ਬਹੁਤੀਆਂ ਗੰਢਾਂ ਦੀ ਢੀਠਤਾ ਦਿੜ੍ਹਤਾ ਕਾਰਣ ਵਾਂਸ ਸਦੀਵ ਕਾਲ ਨਿਰਗੰਧ = ਬਾਸਨਾ ਮਹਿਕ ਤੋਂ ਵੰਜਿਆ ਹੀ ਰਹਿੰਦਾ ਹੈ।

ਸੇਂਬਲ ਕੇ ਫਲ ਤੂਲ ਖਗ ਮ੍ਰਿਗ ਛਾਇਆ ਤਾ ਕੈ ਬਾਂਸੁ ਤਉ ਬਰਨ ਦੋਖੀ ਜਾਰਤ ਬੁਰਾਈ ਕੈ ।

ਸਿੰਬਲ ਦੇ ਫਲਾਂ ਦੀ ਤੂਲ ਰੂੰ ਖਗ = ਪੰਛੀਆਂ ਦੇ ਕ੍ਰੀੜਾ ਕਲੋਲ ਦੀ ਕਾਰਣ ਹੁੰਦੀ ਹੈ ਤੇ ਤਾਂ ਕੈ ਤਿਸ ਦੀ ਛਾਇਆ ਨੂੰ ਪਸ਼ੂ ਪੰਛੀ ਮਾਣਿਆ ਕਰਦੇ ਹਨ, ਕਿੰਤੂ ਵਾਂਸ ਤਾਂ ਬਰਨ = ਰੰਗ ਹੀ ਰੰਗ ਦਿਖਾਵੇ ਦਾ ਰਖਦਾ ਹੈ, ਉਞੇ ਦੋਖੀ ਵਿਕਾਰੀ = ਵਿਗਾੜ ਕਰਣ ਹਾਰਾ ਅਤੇ ਬੁਰਾਈ ਕਰ ਕੇ ਸਾੜ ਸੁੱਟਦਾ ਨਾਸ਼ ਕਰਣ ਹਾਰਾ ਹੈ ਅਥਵਾ ਆਪਣੇ ਹੀ ਬਰਨ ਬੰਸ ਦਾ ਦੋਖੀ ਘਾਤੀ ਅਤੇ ਬੁਰਾਈ ਕੈ ਬੁਰੇ ਸੁਭਾਵ ਕਾਰਣ ਆਪਣੇ ਸਜਾਤੀਆਂ ਨੂੰ ਸਾੜ ਦਿੱਤਾ ਕਰਦਾ ਹੈ।

ਤੈਸੇ ਹੀ ਅਸਾਧ ਸਾਧ ਹੋਤਿ ਸਾਧਸੰਗਤਿ ਕੈ ਤ੍ਰਿਸਟੈ ਨ ਗੁਰ ਗੋਪਿ ਦ੍ਰੋਹ ਗੁਰਭਾਈ ਕੈ ।੩੦੭।

ਬਸ ਇਸੇ ਭਾਂਤ ਹੀ ਅਸਾਧ ਅਸਿੱਖ ਜਿਸ ਨੇ ਗੁਰ ਦੀਖ੍ਯਾ ਲੈ ਕੇ ਅਪਣੇ ਆਪ ਨੂੰ ਨਹੀਂ ਸਾਧ੍ਯਾ, ਸਾਧ ਸੰਗਤ ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋਣ ਕਰ ਕੇ ਸਾਧ ਹੋਤ ਸਾਧ੍ਯਾ ਹੋਯਾ ਗੁਰੂ ਕਾ ਸਿੱਖ ਬਣ ਜਾਂਦਾ ਹੈ ਪ੍ਰੰਤੂ ਗੁਰ ਗੋਪ -ਗੁਰੂ ਵਾਲਾ ਸਿੱਖ ਹੁੰਦਾ ਹੋਯਾ ਭੀ, ਜੋ ਅਪਣੇ ਆਪ ਨੂੰ ਲੁਕੌਂਦਾ ਹੈ ਅਤੇ ਉਪਰੋਂ ਸਿੱਖ ਤੇ ਅੰਦਰੋਂ ਅਸਿੱਖ ਹੁੰਦਾ ਹੋਯਾ ਗੁਰਭਾਈਆਂ ਨਾਲ ਧਰੋਹ ਕਮੌਂਦਾ ਹੈ, ਤ੍ਰਿਸਟੈ ਨ ਟਿਕਿਆ ਨਹੀਂ ਰਹਿ ਸਕਦਾ ਚੈਨ ਕਰਾਰ ਨਹੀਂ ਪਾ ਸਕੇਗਾ- ਚੁਰਾਸੀ ਦੇ ਗੇੜ ਵਿਚ ਗਿੜੀਂਦਾ ਹੀ ਰਹੇਗਾ ॥੩੦੭॥


Flag Counter