ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 225


ਸਬਦ ਸੁਰਤਿ ਲਿਵ ਗੁਰ ਸਿਖ ਸੰਧਿ ਮਿਲੇ ਆਤਮ ਅਵੇਸ ਪ੍ਰਮਾਤਮ ਪ੍ਰਬੀਨ ਹੈ ।

ਗੁਰੂ ਅਰੁ ਸਿੱਖ ਦੇ ਰੂਪ ਵਿਚ ਜਦ ਗੁਰੂ ਅਤੇ ਸਿੱਖ ਦੀ ਸੰਧੀ ਮੇਲ ਮਿਲ ਪਵੇ ਤਾਂ ਸ਼ਬਦ ਵਿਖੇ ਸੁਰਤਿ ਦੀ ਲਿਵ ਦਾ ਪਰਚਾ ਪੈ ਜਾਂਦਾ ਹੈ ਜਿਸ ਕਰ ਕੇ ਆਤਮੇ ਆਪੇ ਦਾ ਪਰਮਾਤਮੇ ਵਿਚ ਅਵੇਸ ਪ੍ਰਵੇਸ਼ ਪਾਏ ਹੋਣ ਦੀ ਇਕ ਰੂਪਤਾ ਵਾਲੀ ਅਵਸਥਾ ਨੂੰ ਪ੍ਰਬੀਨ ਭਲੀ ਪ੍ਰਕਾਰ ਜ੍ਯੋਂਕੀ ਤ੍ਯੋਂ ਉਹ ਤੱਕ ਲਿਆ ਅਨੁਭਵ ਕਰ ਲਿਆ ਕਰਦਾ ਹੈ।

ਤਤੈ ਮਿਲਿ ਤਤ ਸ੍ਵਾਂਤ ਬੂੰਦ ਮੁਕਤਾਹਲ ਹੁਇ ਪਾਰਸ ਕੈ ਪਾਰਸ ਪਰਸਪਰ ਕੀਨ ਹੈ ।

ਜਿਸ ਤਰ੍ਹਾਂ ਸ੍ਵਾਂਤੀ ਬੂੰਦ ਸਿੱਪ ਵਿਚ ਪੈਣ ਤੇ ਮੋਤੀ ਬਣ ਜਾਯਾ ਕਰਦੀ ਹੈ। ਇਸੀ ਤਰ੍ਹਾਂ ਇਸ ਸਰੀਰ ਦੇ ਅੰਦਰਲੀ ਤੱਤ ਰੂਪ ਸੁਰਤਿ ਵਿਖੇ ਗੁਰੂ ਦੇ ਤੱਤ ਰੂਪ ਸ਼ਬਦ ਦੇ ਪ੍ਰਵੇਸ਼ ਪੌਣ ਸਾਰ ਗੁਰਮੁਖ, ਮੁਕਤ+ਆਹਲ ਮੁਕਤ+ਆਹਰ ਸਭ ਪ੍ਰਕਾਰ ਦਿਆਂ ਆਹਰਾਂ ਕਰਤੱਬ ਰੂਪ ਬੰਧਨਾਂ ਤੋਂ ਮੁਕਤ ਹੋਇਆ ਹੋਇਆ ਨਿਰਬਾਣ ਸਰੂਪ ਹੋ ਜਾਯਾ ਕਰਦਾ ਹੈ, ਅਥਵਾ ਪਾਰਸ ਨੂੰ ਸਤਿਗੁਰਾਂ ਨੂੰ ਸਿੱਖ ਮਾਤ੍ਰ ਹੋ ਪਰਸ ਕਰ ਕੈ, ਪਰ ਭਲੀ ਪ੍ਰਕਾਰ ਪਾਰਸ ਸਤਿਗੁਰੂ ਸਰੂਪ ਅਗੇ ਲੋਕਾਂ ਨੂੰ ਉਪਦੇਸ਼ ਦੇ ਕੇ ਗੁਰ ਸਿੱਖੀ ਅੰਦਰ ਆਪ ਰੂਪ ਬਣਾ ਮਿਲਾਣਹਾਰਾ ਬਣਾ ਲਿਆ ਜਾਂਦਾ ਹੈ।

ਜੋਤ ਮਿਲਿ ਜੋਤਿ ਜੈਸੇ ਦੀਪਕੈ ਦਿਪਤ ਦੀਪ ਹੀਰੈ ਹੀਰਾ ਬੇਧੀਅਤ ਆਪੈ ਆਪਾ ਚੀਨ ਹੈ ।

ਅਰਥਾਤ ਦੀਵੇ ਦੇ ਨਾਲ ਜੀਕੂੰ ਦੀਵਾ ਜਗਾ ਲਈਦਾ ਹੈ, ਤੀਕੂੰ ਹੀ ਜੋਤੀ ਸਰੂਪ ਸਤਿਗੁਰਾਂ ਨੂੰ ਮਿਲ ਕੇ ਸਿੱਖ ਭੀ ਜੋਤ ਸਰੂਪ ਹੀ ਹੋ ਪ੍ਰਗਟਿਆ ਕਰਦਾ ਹੈ, ਭਾਵ ਗੁਰੂਆਂ ਵਾਲਾ ਹੀ ਗਿਆਨ ਮਈ ਪ੍ਰਕਾਸ਼ ਗੁਰਮੁਖ ਅੰਦਰ ਲਟ ਲਟ ਕਰ ਆਯਾ ਕਰਦਾ ਹੈ। ਸਚ ਮੁਚ ਜੀਕੂੰ ਹੀਰੇ ਨਾਲ ਬੇਧਨ ਕਰ ਕਰ ਰਗੜਦਿਆਂ ਖਾਣ ਅੰਦਰੋਂ ਨਿਕਲੀ ਬਜਰੀ ਹੀਰਾ ਰੂਪ ਹੀ ਹੋ ਦਮਕਦੀ ਹੈ ਤੀਕੂੰ ਸਤਿਗੁਰਾਂ ਦੇ ਸ਼ਬਦ ਕਮਾਈ ਦੀ ਰਗੜ ਤੋਂ ਗੁਰਮੁਖ ਨੂੰ ਆਪਾ ਹੀ ਆਪਾ ਜ੍ਯੋਂ ਕਾ ਤ੍ਯੋਂ ਪਛਾਣ ਹੋ ਔਂਦਾ ਹੈ, ਭਾਵ ਗੁਰਾਂ ਵਾਲੇ ਬ੍ਰਹਮ ਗਿਆਨ ਸੰਪੰਨ ਹੀ ਹੋ ਜਾਂਦਾ ਹੈ।

ਚੰਦਨ ਬਨਾਸਪਤੀ ਬਾਸਨਾ ਸੁਬਾਸ ਗਤਿ ਚਤਰ ਬਰਨ ਜਨ ਕੁਲ ਅਕੁਲੀਨ ਹੈ ।੨੨੫।

ਗੁਰੂ ਮਹਾਰਾਜ ਦੇ ਘਰ ਜਾਤ ਗੋਤ ਦਾ ਕੋਈ ਲਿਹਾਜ ਨਹੀਂ ਜਿਸ ਤਰ੍ਹਾਂ ਚੰਨਣ ਦੇ ਸਮੀਪ ਆਈ ਸਭ ਭਾਂਤ ਦੀ ਹੀ ਬਨਾਸਪਤੀ ਉਸ ਦੀ ਸੁਗੰਧੀ ਕਰ ਕੇ ਸ੍ਰੇਸ਼ਟ ਬਾਸਨਾ ਨੂੰ ਗਤਿ ਪ੍ਰਾਪਤ ਹੋ ਜਾਂਦੀ ਹੈ ਇਸੇ ਤਰ੍ਹਾਂ ਚਾਰੋਂ ਵਰਨਾਂ ਦੇ ਜਨ ਲੋਕ ਹੀ ਸਤਿਗੁਰਾਂ ਦੀ ਸੰਗਤਿ ਵਿਚ ਮਿਲ ਕੇ ਕੁਲੋਂ ਅਕੁਲੀ ਬ੍ਰਹਮ ਸਰੂਪ ਹੋ ਜਾਇਆ ਕਰਦੇ ਹਨ ॥੨੨੫॥