ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 342


ਰਚਨਾ ਚਰਿਤ੍ਰ ਚਿਤ੍ਰ ਬਿਸਮ ਬਚਿਤ੍ਰਪਨ ਕਾਹੂ ਸੋ ਨ ਕੋਊ ਕੀਨੇ ਏਕ ਹੀ ਅਨੇਕ ਹੈ ।

ਰਚਨਾ ਸ੍ਰਿਸ਼ਟੀ ਮਾਤ੍ਰ ਦਾ ਚਲਿਤ੍ਰ ਸੁਪਨੇ ਸਮਾਨ ਪ੍ਰਗਟ ਹੋ ਕੇ ਜੀਕੂੰ ਚਿਤ੍ਰ ਕਾਰ ਸਾਕਾਰ ਭਾਵ ਵਿਖੇ ਹੋ ਪਸਰਦਾ ਹੈ ਅਤੇ ਇਸ ਦੀ ਵਿਚਿਤ੍ਰਤਾ ਅਨੇਕ ਰੰਗਾਂ ਵਿਖੇ ਨਾਨਾ ਭਾਵ ਧਾਰ ਕੇ ਐਉਂ ਸਾਮਰਤੱਖ ਪ੍ਰਤੀਤ ਹੋਇਆ ਕਰਦੀ ਹੈ, ਜਿਸ ਤੋਂ ਇਹ ਬਾਤ ਅਨਭਉ ਵਿਖੇ ਸਪਸ਼ਟ ਜਾਪ੍ਯਾ ਕਰਦੀ ਹੈ ਕਿ ਕਾਹੂੰ ਸੋ ਨ ਕੋਊ ਕੀਨੇ ਕਿਸੇ ਹੋਰਸ ਵਸਤੂ ਤੋਂ ਕੁਛ ਨਹੀਂ ਰਚਿਆ ਗਿਆ ਤੇ ਇਕ ਆਪ ਮਾਤ੍ਰ ਤੋਂ ਹੀ ਰਚਨਾ ਕਰਦਿਆਂ ਸਿਰਜਨ ਹਾਰ ਨੇ ਅਨੇਕਾਂ ਰੂਪ ਆਪਣੇ ਵਿਚੋਂ ਪ੍ਰਗਟ ਕਰ ਦਿੱਤੇ ਹਨ।

ਨਿਪਟ ਕਪਟ ਘਟ ਘਟ ਨਟ ਵਟ ਨਟ ਗੁਪਤ ਪ੍ਰਗਟ ਅਟਪਟ ਜਾਵਦੇਕ ਹੈ ।

ਨਟ ਦੇ ਨਿਪਟ ਸਮੂਚਲੇ ਕਪਟ = ਭਰਮ ਛਲਾਵੇ ਵਤ ਅੰਤਰਯਾਮੀ ਨਟ ਸਿਰਜਨਹਾਰ ਸ੍ਵਾਂਗੀ ਹੀ ਸਰੀਰ ਸਰੀਰ ਅਨੇਕਾਂ ਆਕਾਰਾਂ ਦੇ ਰੂਪ ਵਿਚ ਵੱਟ ਵੱਟ ਕੇ ਬਦਲ ਬਦਲ ਕੇ ਜਿਥੋਂ ਤਕ ਭੀ ਕਿਹਾ ਸੁਣਿਆ ਯਾ ਧ੍ਯਾਨ ਵਿਚ ਲਿਆਂਦਾ ਜਾ ਸਕਦਾ ਹੈ ਗੁਪਤ ਸੂਖਮ ਸਰੂਪ ਵਿਚ ਤਾਂ ਅਰੁ ਪ੍ਰਗਟ ਸਥੂਲ ਸਰੂਪ ਵਿਚ ਤਾਂ ਸਭ ਇੱਕ ਅਪਣੇ ਤੋਂ ਹੀ ਅਟ ਪਟਾ = ਉਲਝਨ ਭਰ੍ਯਾ ਮਨ ਬਾਣੀ ਆਦਿ ਤੋਂ ਅਗੰਮ ਖੇਲ ਵਰਤਾ ਰਿਹਾ ਹੈ।

ਦ੍ਰਿਸਟਿ ਸੀ ਦ੍ਰਿਸਟਿ ਨ ਦਰਸਨ ਸੋ ਦਰਸੁ ਬਚਨ ਸੋ ਬਚਨ ਨ ਸੁਰਤਿ ਸਮੇਕ ਹੈ ।

ਨਿਗ੍ਹਾ ਵਰਗੀ ਨਿਗ੍ਹਾ ਯਾ ਤੱਕਨੀ ਇਕ ਦੂਏ ਦੀ ਨਹੀਂ, ਐਸਾ ਹੀ ਨਿਗ੍ਹਾ ਯਾ ਨੇਤ੍ਰਾਂ ਵਿਚ ਔਣਹਾਰੇ ਦਰਸ਼ਨ = ਰੂਪਵਾਨ ਪਦਾਰਥਾਂ ਵਰਗੇ ਦਰਸ ਦੇਖਨ ਜੋਗ ਪਦਾਰਥ ਭੀ ਸਮਾਨ ਨਹੀਂ, ਭਾਵ ਸੂਰਤਾਂ ਭੀ ਆਪੋ ਵਿਚ ਨਹੀਂ ਮਿਲਦੀਆਂ। ਬੋਲੀ ਵਰਗੀ ਬੋਲੀ ਨਹੀਂ ਇਕ ਦੂਏ ਦੀ ਤੇ ਇਵੇਂ ਹੀ ਸੁਨਾਵਟ ਵਰਗੀ ਸੁਨਾਵਟ ਨਹੀਂ ਉਞ ਸਮੇਕ ਹੈ ਸਮਤਾ ਵਿਚ ਇਕੋ ਹੀ ਵਸਤੂ ਤਾਸ ਰਹੀ ਹੈ। ਅਰਥਾਤ ਬਣੌਟ ਦਾ ਢੰਗ ਇਕੋ ਜਿਹਾ ਦਿਸਦਿਆਂ ਭੀ ਇਉਂ ਸਭ ਵਿਚ ਏਕਤਾ ਵਰਤਦੇ ਹੋਯਾਂ, ਸਾਰਿਆਂ ਦੇ ਅੰਦਰ ਅਡਰਾਪਨ ਅਨੇਕਤਾ ਪ੍ਰਤੱਖ ਹੈ।

ਰੂਪ ਰੇਖ ਲੇਖ ਭੇਖ ਨਾਦ ਬਾਦ ਨਾਨਾ ਬਿਧਿ ਅਗਮ ਅਗਾਧਿ ਬੋਧ ਬ੍ਰਹਮ ਬਿਬੇਕ ਹੈ ।੩੪੨।

ਤਾਤਪ੍ਰਯ ਇਹ ਕਿ ਰੂਪ ਸੂਰਤ ਅਰੁ ਰੇਖਾ ਹੱਥਾਂ ਪੈਰਾਂ ਆਦਿ ਦੇ ਚਿੰਨ੍ਹ ਐਸਾ ਹੀ ਸੁਖ ਦੁਖ ਆਦਿ ਭੋਗ ਰੂਪ ਲਿਖੰਤ, ਤਥਾ ਭੇਖ ਸਰੀਰ ਵਾ ਪਹਿਰਾਵੇ ਆਦਿ ਦੀ ਡੌਲ, ਅਤੇ ਨਾਦ ਬਾਦ = ਸੁਰ ਤਾਲ ਆਦਿ ਦੇ ਵਰਤਾਰੇ ਵਜੋਂ ਸਭ ਕੁਛ ਹੀ ਨਾਨਾ ਬਿਧਿ ਨ੍ਯਾਰੀ ਨ੍ਯਾਰੀ ਭਾਂਤ ਦਾ ਹੀ ਠਾਠ ਦਿਖਾਈ ਦੇ ਰਿਹਾ ਹੈ ਪ੍ਰੰਤੂ ਜਿਸ ਦਾ ਬੋਧ ਬੁਝਨਾ ਅਗੰਮ ਗੰਮਤਾ ਤੋਂ ਦੂਰ ਤਥਾ ਅਗਾਧ ਅਸਗਾਹ ਅਥਾਹ ਹੈ ਕ੍ਯੋਂਕਿ ਅਸਲ ਵਿਚ ਉਹ ਬ੍ਰਹਮ ਬਿਬੇਕ ਹੈ, ਬਿਬ+ਏਕ ਹੈ = ਦੋ ਦ੍ਵੈਤ ਅਰਥਾਤ ਵੱਖੋ ਵੱਖ ਵਿਖਾਲਨ ਦੀ ਸਾਧਨ ਰੂਪ ਦੂਈ ਵਿਚ ਭੀ ਇਕ ਹੀ ਸਰੂਪ ਹੋਯਾ ਰਮ੍ਯਾ ਪਿਆ ਹੈ। ਅਥਵਾ ਉਕਤ ਨਾਨਾ ਭਾਵ ਵਿਖੇ ਅਗਮ ਅਗਾਧ ਸਰੂਪ ਬ੍ਰਹਮ ਦੇ ਹੀ ਇਕ ਮਾਤ੍ਰ ਬੋਧ ਦਾ ਬਿਬੇਕ ਹੁੰਦਾ ਹੈ, ਉਸ ਲਿਵ ਦੀ ਅਵਸਥਾ ਵਿਖੇ ॥੩੪੨॥


Flag Counter