ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 236


ਸਰਵਰ ਮੈ ਨ ਜਾਨੀ ਦਾਦਰ ਕਮਲ ਗਤਿ ਮ੍ਰਿਗ ਮ੍ਰਿਗਮਦ ਗਤਿ ਅੰਤਰ ਨ ਜਾਨੀ ਹੈ ।

ਜਿਸ ਤਰ੍ਹਾਂ ਦਾਦਰ ਡਡੂ ਨੇ ਸ੍ਰੋਵਰ ਅੰਦਰ ਹੁੰਦਿਆਂ ਸੁੰਦਿਆਂ ਭੀ ਨਹੀਂ ਕਮਲ ਦੀ ਗਤੀ ਕੋਲ ਫੁੱਲ ਦੀ ਮਹਿਮਾ ਨੂੰ ਜਾਣਿਆ ਤੇ ਮਿਰਗ ਹਿਰਣ ਨੇ ਆਪਣੇ ਅੰਦਰ ਨਾਭੀ ਵਿਖੇ ਮ੍ਰਿਗਮਦ ਕਸਤੂਰੀ ਦੀ ਗਤਿ ਪ੍ਰਾਪਤੀ ਮੌਜੂਦਗੀ ਨਹੀਂ ਜਾਣੀ।

ਮਨਿ ਮਹਿਮਾ ਨ ਜਾਨੀ ਅਹਿ ਬਿਖ੍ਰ ਬਿਖਮ ਕੈ ਸਾਗਰ ਮੈ ਸੰਖ ਨਿਧਿ ਹੀਨ ਬਕ ਬਾਨੀ ਹੈ ।

ਐਸਾ ਹੀ ਜਿਸ ਤਰ੍ਹਾਂ ਮਣੀ ਰਤਨ ਸੱਪ ਦੇ ਮਣਕੇ ਦੀ ਮਹਿਮਾ, ਅਹਿ ਸਰਪ ਬਿਖ ਬਿਖਮ ਭ੍ਯਾਨਕ ਵਿਖ ਕੇ ਵੇਗ ਕਾਰਣ ਨਹੀਂ ਜਾਣੀ ਜਾਣ ਸਕਦਾ, ਅਤੇ ਸੰਖ ਸਮੁੰਦਰ ਅੰਦਰ ਹੁੰਦਿਆਂ ਭੀ ਨਿਧੀ ਓਸ ਦੇ ਰਤਨ ਆਦਿ ਖਜ਼ਾਨਿਆਂ ਤੋਂ ਹੀਨ ਛੂਛਾ ਰਹਿੰਦਾ ਹੈ, ਤੇ ਬਕਾਬਾਨੀ ਬਕਵਾਸ ਕਰਦਾ ਢਾਹਾਂ ਮਾਰਦਾ ਰਹਿੰਦਾ ਹੈ।

ਚੰਦਨ ਸਮੀਪ ਜੈਸੇ ਬਾਂਸ ਨਿਰਗੰਧ ਕੰਧ ਉਲੂਐ ਅਲਖ ਦਿਨ ਦਿਨਕਰ ਧਿਆਨੀ ਹੈ ।

ਅਤੇ ਜਿਸ ਭਾਂਤ ਚੰਨਣ ਦੇ ਸਮੀਪ ਨੇੜੇ ਹੁੰਦਿਆਂ ਹੋਇਆਂ ਭੀ ਬਾਂਸ ਨਿਰਗੰਧ ਸੁਗੰਧ ਰਹਿਤ ਕੰਧ ਸ਼ਾਖਾ ਟਾਹਣੀ ਮਾਤ੍ਰ ਹੀ ਰਹਿੰਦਾ ਹੈ, ਅਰੁ ਉੱਲੂ ਲਈ ਦਿਨ ਵੇਲੇ ਭੀ ਦਿਨਕਰ ਸੂਰਜ, ਅਲਖ ਲਖਤਾ ਵਿਚ ਨਾ ਆ ਸਕਨ ਵਾਲਾ ਹੀ ਬਣਿਆ ਰਹਿੰਦਾ ਹੈ ਜਿਸ ਕਰ ਕੇ ਉਹ ਧਿਆਨੀ ਹੋਇਆ ਅੱਖੀਆਂ ਮੀਟੀ ਰਖਿਆ ਕਰਦਾ ਹੈ।

ਤੈਸੇ ਬਾਂਝ ਬਧੂ ਮਮ ਸ੍ਰੀ ਗੁਰ ਪੁਰਖ ਭੇਟ ਨਿਹਚਲ ਸੇਂਬਲ ਜਿਉ ਹਉਮੈ ਅਭਿਮਾਨੀ ਹੈ ।੨੩੬।

ਤਿਸੇ ਭਾਂਤ ਮਮ ਮੈਂ ਪੂਰਣ ਪੁਰਖ ਗੁਰੂ ਮਹਾਰਾਜ ਨੂੰ ਭੇਟ ਕੇ ਮਿਲ ਕੇ ਬੰਧ੍ਯਾ ਸੰਢ ਇਸਤ੍ਰੀ ਸਮਾਨ ਅਫਲ ਰਿਹਾ ਵਾ ਸਿੰਬਲ ਬਿਰਛ ਵਾਕੂੰ ਉੱਚਾ ਤੇ ਪਸਾਰੇ ਵਾਲਾ ਅਭਿਮਾਨੀ ਹੰਕਾਰੀ ਪ੍ਰਪੰਚੀ ਬਣ ਕੇ ਹਉਮੈਂ ਦੇ ਕਾਰਣ ਗੁਰੂ ਮਹਾਰਾਜ ਦੀ ਸੰਗਤ ਵਿਚੋਂ ਲਾਭ ਨਹੀਂ ਉਠਾ ਸਕਿਆ ॥੨੩੬॥


Flag Counter