ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 519


ਜੈਸੇ ਰਾਜਾ ਰਵਤ ਅਨੇਕ ਰਵਨੀ ਸਹੇਤ ਸਕਲ ਸਪੂਤੀ ਏਕ ਬਾਂਝ ਨ ਸੰਤਾਨ ਹੈ ।

ਜਿਸ ਤਰ੍ਹਾਂ ਰਾਜਾ ਅਨੇਕਾਂ ਰਾਣੀਆਂ ਨੂੰ 'ਸਹੇਤ' ਸਹਿਤ ਹਿਤ (ਪਿਆਰ) ਦੇ ਰਮਣ ਕਰਦਾ (ਭੋਗਦਾ) ਹੈ ਤੇ ਸਾਰੀਆਂ ਹੀ ਸਪੁਤੀਆਂ (ਪੁਤ੍ਰਵੰਤੀਆਂ) ਹੁੰਦੀਆਂ ਹਨ ਪਰ ਇਕ ਬੰਧ੍ਯਾ ਹੈ (ਜਿਸ ਦੇ) ਸੰਤਾਨ ਨਹੀਂ ਹੋਈ।

ਸੀਚਤ ਸਲਿਲ ਜੈਸੇ ਸਫਲ ਸਕਲ ਦ੍ਰੁਮ ਨਿਹਫਲ ਸੇਂਬਲ ਸਲਿਲ ਨਿਰਬਾਨਿ ਹੈ ।

ਜਿਸ ਤਰ੍ਹਾਂ ਜਲ ਸਿੰਚਨ ਤੋਂ ਸਭੇ ਹੀ ਬਿਰਛ ਫਲ ਪਿਆ ਕਰਦੇ ਹਨ, ਪਰ ਸਿੰਬਲ ਅਫਲ ਹੀ ਰਿਹਾ ਕਰਦਾ ਹੈ, ਪਾਣੀ ਓਸ ਵਾਸਤੇ ਨਿਰਬਾਣ ਉਦਾਸ ਹੀ ਰਹਿੰਦਾ ਹੈ ਭਾਵ ਪਾਣੀ ਦਾ ਅਸਰ ਓਸ ਨੂੰ ਨਹੀਂ ਪੋਹਿਆ ਕਰਦਾ।

ਦਾਦਰ ਕਮਲ ਜੈਸੇ ਏਕ ਸਰਵਰ ਬਿਖੈ ਉਤਮ ਅਉ ਨੀਚ ਕੀਚ ਦਿਨਕਰਿ ਧਿਆਨ ਹੈ ।

ਡੱਡੂ ਅਤੇ ਕੌਲ ਫੁੱਲ ਜਿਸ ਤਰ੍ਹਾਂ ਇਕੋ ਹੀ ਸਰੋਵਰ ਅੰਦਰ ਰਹਿੰਦੇ ਹਨ, ਪਰ ਕੌਲ ਫੁੱਲ, ਉਤਮ ਹੈ ਕ੍ਯੋਂਜੁ ਓਸ ਦਾ ਧਿਆਨ ਸੂਰਜ ਉਪਰ ਹੁੰਦਾ ਹੈ, ਤੇ ਡਡੂ ਨੀਚ ਹੈ, ਕ੍ਯੋਂਕਿ ਓਸ ਦਾ ਧਿਆਨ ਖ੍ਯਾਲ ਚਿੱਕੜ ਵਿਚ ਹੀ ਰਹਿੰਦਾ ਹੈ।

ਤੈਸੇ ਗੁਰ ਚਰਨ ਸਰਨਿ ਹੈ ਸਕਲ ਜਗੁ ਚੰਦਨ ਬਨਾਸਪਤੀ ਬਾਂਸ ਉਨਮਾਨ ਹੈ ।੫੧੯।

ਤਿਸੇ ਪ੍ਰਕਾਰ ਹੀ ਸਾਰੇ ਦਾ ਸਾਰਾ ਜਗ ਜਹਾਨ ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਔਂਦਾ ਹੈ ਪਰ ਜਿਸ ਤਰ੍ਹਾਂ ਚੰਨਣ ਤੇ ਬਨਾਸਪਤੀ ਅਰੁ ਬਾਂਸ ਦਾ ਵਰਤਾਰਾ ਵਰਤਦਾ ਹੈ ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਦ੍ਵਾਰਿਓਂ ਵਰੋਸੌਣ ਦਾ ਅਨੁਮਾਨ ਲਾ ਲਵੋ ਅਰਥਾਤ ਬਨਾਸਪਤੀ ਤਰਾਂ ਨਿਰ ਅਭਿਮਾਨੀ ਤੇ ਸੇਵਾ ਭਾਵ ਵਾਲੇ ਸਭੇ ਹੀ ਲਾਹਾ ਲੈ ਜਾਂਦੇ ਹਨ, ਪਰ ਹੰਕਾਰੀ ਤੇ ਅੰਦਰ ਦੀਆਂ ਗੰਢਾਂ ਵਾਲੇ ਆਦਮੀ ਅਫਲ ਹੀ ਜਾਇਆ ਕਰਦੇ ਹਨ ॥੫੧੯॥


Flag Counter