ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 610


ਜੈਸੇ ਧਰ ਧਨੁਖ ਚਲਾਈਅਤ ਬਾਨ ਤਾਨ ਚਲ੍ਯੋ ਜਾਇ ਤਿਤ ਹੀ ਕਉ ਜਿਤ ਹੀ ਚਲਾਈਐ ।

ਜਿਵੇਂ ਧਨੁਖ ਤੇ ਬਾਣ ਧਰ ਕੇ ਤੇ ਖਿੱਚ ਕੇ ਚਲਾਈਦਾ ਹੈ ਤਾਂ ਉਹ ਉਧਰ ਨੂੰ ਹੀ ਚਲਿਆ ਜਾਂਦਾ ਹੈ ਜਿਧਰ ਨੂੰ ਚਲਾਈਦਾ ਹੈ।

ਜੈਸੇ ਅਸ੍ਵ ਚਾਬੁਕ ਲਗਾਇ ਤਨ ਤੇਜ ਕਰਿ ਦੋਰ੍ਯੋ ਜਾਇ ਆਤੁਰ ਹੁਇ ਹਿਤ ਹੀ ਦਉਰਾਈਐ ।

ਜਿਵੇਂ ਜਿਵੇਂ ਘੋੜੇ ਦੇ ਤਨ ਤੇ ਚਾਬਕ ਲਗਾਇਆਂ ਘੋੜਾ ਤੇਜ਼ੀ ਨਾਲ ਵਿਆਕੁਲ ਹੋ ਕੇ ਭੀ ਉਧਰੇ ਹੀ ਦੌੜਿਆ ਜਾਂਦਾ ਹੈ ਜਿਧਰ ਨੂੰ ਦੁੜਾਈਦਾ ਹੈ।

ਜੈਸੀ ਦਾਸੀ ਨਾਇਕਾ ਕੈ ਅਗ੍ਰਭਾਗ ਠਾਂਢੀ ਰਹੈ ਧਾਵੈ ਤਿਤ ਹੀ ਤਾਹਿ ਜਿਤ ਹੀ ਪਠਾਈਐ ।

ਜਿਵੇਂ ਸੁਆਮਣੀ ਅੱਗੇ ਦਾਸੀ ਤਿਆਰ ਬਰ ਤਿਆਰ ਖੜੀ ਰਹਿੰਦੀ ਹੈ ਤੇ ਉਧਰ ਨੂੰ ਹੀ ਦੌੜਦੀ ਹੈ ਜਿਧਰ ਨੂੰ ਭੇਜੀ ਜਾਂਦੀ ਹੈ।

ਤੈਸੇ ਪ੍ਰਾਣੀ ਕਿਰਤ ਸੰਜੋਗ ਲਗ ਭ੍ਰਮੈ ਭੂਮ ਜਤ ਜਤ ਖਾਨ ਪਾਨ ਤਹੀ ਜਾਇ ਖਾਈਐ ।੬੧੦।

ਤਿਵੇਂ ਪ੍ਰਾਣੀ ਕਿਰਤ ਸੰਜੋਗਾਂ ਅਨੁਸਾਰ ਧਰਤੀ ਤੇ ਭਰਮਦਾ ਫਿਰਦਾ ਹੈ, ਜਿੱਥੇ ਜਿੱਥੇ ਇਸ ਦਾ ਖਾਣਾ ਪੀਣਾ ਹੁੰਦਾ ਹੈ, ਉੱਥੇ ਉੱਥੇ ਹੀ ਜਾ ਕੇ ਖਾਂਦਾ ਹੈ ॥੬੧੦॥


Flag Counter