ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 200


ਪਸੂਆ ਮਾਨੁਖ ਦੇਹ ਅੰਤਰਿ ਅੰਤਰੁ ਇਹੈ ਸਬਦ ਸੁਰਤਿ ਕੋ ਬਿਬੇਕ ਅਬਿਬੇਕ ਹੈ ।

ਪਸ਼ੂ ਅਤੇ ਮਨੁੱਖ ਦੇ ਦੇਹ ਵਿਚਾਲੇ ਇਤਨਾ ਮਾਤ੍ਰ ਹੀ ਅੰਤਰਾ ਭੇਦ ਹੈ ਕਿ ਮਨੁੱਖ ਨੂੰ ਸ਼ਬਦ ਦੀ ਸੂਝ ਦਾ ਅਥਵਾ ਸ਼ਬਦ ਦੇ ਠੀਕ ਸੁਣ ਸੱਕਣ ਦਾ ਬਿਬੇਕ ਹੈ ਤੇ ਪਸ਼ੂ ਇਸ ਤੋਂ ਬਿਬੇਕ ਹੀਣਾ ਹੈ।

ਪਸੁ ਹਰਿਹਾਉ ਕਹਿਓ ਸੁਨਿਓ ਅਨਸੁਨਿਓ ਕਰੈ ਮਾਨਸ ਜਨਮ ਉਪਦੇਸ ਰਿਦੈ ਟੇਕ ਹੈ ।

ਪਸ਼ੂ ਹਰਿਔਲ ਵੱਲੋਂ ਹੋੜਨ ਸਬੰਧੀ ਹਾਕ ਮਾਰੀ ਹੋਈ ਸੁਣੀ ਨੂੰ ਭੀ ਅਨਸੁਣੀ ਕਰ ਦਿਆ ਕਰਾ ਹੈ, ਪ੍ਰੰਤੂ ਮਨੁੱਖ ਜਨਮ ਦਾ ਇਹ ਵਾਧਾ ਹੈ, ਕਿ ਉਪਦੇਸ਼ ਰੂਪ ਸਿਖ੍ਯਾ ਸੁਣੀ ਹੋਈ ਇਸ ਦੇ ਹਿਰਦੇ ਅੰਦਰ ਟਿਕਾਉ ਪ੍ਰਾਪਤ ਕਰ ਲਿਆ ਕਰਦੀ ਹੈ।

ਪਸੂਆ ਸਬਦ ਹੀਨ ਜਿਹਬਾ ਨ ਬੋਲਿ ਸਕੈ ਮਾਨਸ ਜਨਮ ਬੋਲੈ ਬਚਨ ਅਨੇਕ ਹੈ ।

ਪਸ਼ੂ ਦੀ ਜਿਹਬਾ ਸ਼ਬਦ ਤੋਂ ਬਿਹੀਨ ਬਲਨ ਦੀ ਸ਼ਕਤੀ ਤੋਂ ਰਹਿਤ ਹੋਣ ਕਰ ਕੇ ਬੋਲ ਨਹੀਂ ਸਕਦੀ ਪ੍ਰੰਤੂ ਮਨੁੱਖ ਜਨਮ ਨੂੰ ਧਾਰ ਕੇ ਇਸ ਰਾਹੀਂ ਅਨੇਕ ਤਰ੍ਹਾਂ ਦੀਆਂ ਬੋਲੀਆਂ ਬੋਲ ਸਕਦਾ ਹੈ।

ਸਬਦ ਸੁਰਤਿ ਸੁਨਿ ਸਮਝਿ ਬੋਲੈ ਬਿਬੇਕੀ ਨਾਤੁਰ ਅਚੇਤ ਪਸੁ ਪ੍ਰੇਤ ਹੂ ਮੈ ਏਕ ਹੈ ।੨੦੦।

ਪਰ ਹਾਂ! ਜੇਕਰ ਸ਼ਬਦ ਵਿਖੇ ਸੁਰਤ ਕੰਨ ਦੇ ਕੇ ਧਿਆਨ ਲਾ ਕੇ ਸੁਣੇ ਅਤੇ ਅਗੋਂ ਸਮਝ ਕੇ ਬੋਲੇ ਉੱਤਰ ਦੇਵੇ ਤਾਂ ਤਾਂ ਬਿਬੇਕੀ ਵੀਚਾਰਵਾਨ ਅਸਲ ਆਦਮੀ ਹੈ ਅਥਵਾ ਸ਼ਬਦ ਨੂੰ ਸੁਰਤ ਨਾਲ ਸੁਣ ਕੇ ਓਸ ਦਾ ਤੱਥ ਸਮਝ ਕੇ ਬਾਰੰਬਾਰ ਓਸੇ ਨੂੰ ਬੋਲੇ ਉਚਾਰੇ ਅਰਾਧੇ ਤਕ ਤਾਂ ਬਿਬੇਕੀ ਸੱਚ ਮੁੱਚ ਹੀ ਸਮਝਦਾਰ ਸੱਚਾ ਮਨੁਖ ਹੈ, ਨਹੀਂ ਤਾਂ ਅਚੇਤ ਮੂਰਖ ਚੇਤੇ ਤੋਂ ਰਹਿਤ ਪਸ਼ੂ ਵਾ ਪ੍ਰੇਤ ਅਵਗਤਿ ਪ੍ਰਾਣੀ ਦੇ ਨਾਲ ਹੀ ਇਸ ਦੀ ਏਕਤਾ ਹੋ ਸਕਦੀ ਹੈ ॥੨੦੦॥


Flag Counter