ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 142


ਦਰਸਨ ਜੋਤਿ ਕੋ ਉਦੋਤ ਅਸਚਰਜ ਮੈ ਕਿੰਚਤ ਕਟਾਛ ਕੈ ਬਿਸਮ ਕੋਟਿ ਧਿਆਨ ਹੈ ।

ਦਰਸਨ ਜੋਤਿ ਕੋ ਉਦੋਤ ਅਸਚਰਜ ਮੈ ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਅਚਰਜਮਈ ਜੋਤ ਦਾ ਉਦੋਤ ਉਦੇ ਪ੍ਰਗਟ ਕਰਦਾ ਹੈ ਅਰਥਾਤ ਦਰਸ਼ਨ ਕਰਨ ਮਾਤ੍ਰ ਤੇ ਸਿੱਖਾਂ ਦੇ ਰਿਦੇ ਅੰਦਰ ਅਥਵਾ ਸਤਿਗੁਰਾਂ ਦੇ ਮਸਤਕ ਉਪਰ ਭੌਚਕ ਵਿਚ ਪੌਣ ਵਾਲੇ ਪ੍ਰਕਾਸ਼ ਦੀ ਲਾਟ ਦਗ ਦਗ ਕਰਦੀ ਦਿਖਾਈ ਦੇਣ ਲਗ ਪਿਆ ਕਰਦੀ ਹੈ। ਅਰੁ ਕਿੰਚਤਕ ਕਟਾਛ ਕੈ ਬਿਸਮ ਕੋਟਿ ਧਿਆਨ ਹੈ ਥੋੜਾ ਮਾਤ੍ਰ ਕ੍ਰਿਪਾ ਭਰੀ ਦ੍ਰਿਸ਼ਟੀ ਨਾਲ ਸਤਿਗੁਰਾਂ ਦੇ ਤੱਕਨ ਤੋਂ ਕ੍ਰੋੜਾਂ ਧਿਆਨ ਹੀ ਅਚੰਭੇ ਨੂੰ ਪ੍ਰਾਪਤ ਹੋ ਜਾਯਾ ਕਰਦੇ ਹਨ।

ਮੰਦ ਮੁਸਕਾਨਿ ਬਾਨਿ ਪਰਮਦਭੁਤਿ ਗਤਿ ਮਧੁਰ ਬਚਨ ਕੈ ਥਕਤ ਕੋਟਿ ਗਿਆਨ ਹੈ ।

ਅਤੇ ਮੰਤ ਮੁਸਕਾਨਿ ਬਾਨਿ ਪਰਮਦਭੁਤ ਗਤਿ ਮੰਦ ਮੰਦ ਸਹਿਜ ਸਹਿਜ ਹਸਮੁਖੀ ਬਾਨ ਪ੍ਰਕ੍ਰਿਤੀ ਤਬੀਅਤ ਯਾ ਸੁਭਾਵ ਦੀ ਗਤੀ ਦਸ਼ਾ ਚਾਲ ਪਰਮ ਅਨੋਖੀ ਹੈ ਤੇ ਮਿੱਠੇ ਮਿਠੇ ਬਚਨਾਂ ਕੈ ਅਗੇ ਤਾਂ ਕਰੋੜਾਂ ਹੀ ਗਿਆਨ ਥਕਿਤ ਹੋ ਹੁੱਟ ਜਾਂਦੇ ਹਨ।

ਏਕ ਉਪਕਾਰ ਕੇ ਬਿਥਾਰ ਕੋ ਨ ਪਾਰਾਵਾਰੁ ਕੋਟਿ ਉਪਕਾਰ ਸਿਮਰਨ ਉਨਮਾਨ ਹੈ ।

ਸਤਿਗੁਰਾਂ ਦੇ ਇਕ ਨਾਮ ਦਾਨ ਰੂਪ ਉਪਕਾਰ ਦੇ ਵਿਸਤਾਰ ਦਾ ਪਾਰਾਵਾਰ (ਪਾਰ ਉਰਾਰ) ਨਹੀਂ ਪਾਇਆ ਜਾ ਸਕਦਾ। ਹੋਰ ਕ੍ਰੋੜਾਂ ਪਰਕਾਰ ਦੇ ਜੋ ਉਪਕਾਰ (ਭਲਾਈ ਕਰਨ ਵਾ ਸਹਾਇਤਾ ਪੁਚਾਨ ਆਦਿ ਦੇ ਸਾਧਨ) ਹਨ, ਉਹ ਚੇਤੇ ਕਰੀਏ ਤਾਂ ਉਨਮਾਨ (ਊਨ ਮਾਨ) ਵਾਲੇ ਤੁੱਛ ਦਿਸਿਆ ਕਰਦੇ ਹਨ।

ਦਇਆਨਿਧਿ ਕ੍ਰਿਪਾਨਿਧਿ ਸੁਖਨਿਧਿ ਸੋਭਾਨਿਧਿ ਮਹਿਮਾ ਨਿਧਾਨ ਗੰਮਿਤਾ ਨ ਕਾਹੂ ਆਨ ਹੈ ।੧੪੨।

ਦਇਆ ਨਿਧਿ ਕ੍ਰਿਪਾ ਨਿਧਿ ਸੁਖ ਨਿਧਿ ਸੋਭਾ ਨਿਧਿ ਸਤਿਗੁਰੂ ਦਯਾ ਦੇ ਭੰਡਾਰ ਹਨ ਭਾਵ ਹਰ ਪ੍ਰਕਾਰ ਕਰ ਕੇ ਦੁਖ੍ਯਾਰਿਆਂ ਦੇ ਦੁੱਖ ਨਿਵਾਰਣ ਲਈ ਮਾਨੋਂ ਆਪ ਦੇ ਭੰਡਾਰ ਖੁੱਲੇ ਪਏ ਹਨ, ਅਰੁ ਅਵਿਦ੍ਯਾ ਦੇ ਅਧੀਨ ਯਾ ਭਰਮ ਭੁਲੇਖੇ ਦੇ ਮਾਰਿਆਂ ਹੋਯਾਂ ਅਨੇਕ ਅਪ੍ਰਾਧਾਂ ਦੇ ਕਰਣ ਹਾਰਿਆਂ ਦੇ ਅਪ੍ਰਾਧ ਬਖਸ਼ਨ ਲਈ ਕਿਰਪਾ ਦੇ ਭੀ ਭੰਡਾਰ ਖੁੱਲੇ ਰਹਿੰਦੇ ਹਨ ਭਾਵ ਗੁਰੂ ਬਰਕਤਾਂ ਬਖਸ਼ਨ ਹਾਰੇ ਪਰਮ ਉਦਾਰ ਹਨ। ਤੇ ਐਸਾ ਹੀ ਸੁਖਾਂ ਦੇ ਭੀ ਭੰਡਾਰ ਹਨ, ਅਰਥਾਤ ਜਿਸ ਜਿਸ ਮਨਚਿੰਦੀ ਦਸ਼ਾ ਵਿਖੇ ਸੁਖ ਦੇ ਜਾਚਕ ਲੋਕ ਔਂਦੇ ਹਨ ਸਭ ਦੀਆਂ ਹੀ ਓਸ ਓਸ ਪ੍ਰਕਾਰ ਮੁਰਾਦਾਂ ਭੌਣੀਆਂ ਪੂਰੀਆਂ ਕਰਦੇ ਹਨ। ਇਵੇਂ ਹੀ ਆਪ ਸੋਭਾ ਦੇ ਭੀ ਭੰਡਾਰ ਹਨ। ਹਰ ਪ੍ਰਕਾਰ ਦੀ ਸ਼ੋਭਾ ਦੇ ਲੈਕ ਸਰਣਾਗਤਾਂ ਨੂੰ ਬਣਾਨ ਹਾਰੇ ਹਨ। ਕਿਸੇ ਪ੍ਰਕਾਰ ਮਹਿਮਾ ਨਿਧਾਨ ਗੰਮਿਤਾ ਨ ਕਾਹੂ ਆਨ ਹੈ ਮਹਿਮਾ ਦੇ ਭੀ ਖਜ਼ਾਨੇ ਵਾ ਸਮੁੰਦਰ ਹਨ ਸਰਣਾਗਤਾਂ ਨੂੰ ਮਹਾਂ ਮਹਿਮਾਵਾਨ ਬਨਾਣ ਲਈ ਸਮੱਰਥ ਹਨ, ਕਾਹੂੰ ਆਨ ਕਿਸੇ ਹੋਰ ਅਵਤਾਰ ਵਲੀ ਪੀਰ ਪੈਗੰਬਰ ਨੂੰ ਓਨਾਂ ਦੀ ਬਰੋਬਰੀ ਦੀ ਗੰਮਿਤਾ ਨਹੀਂ ਹੈ ॥੧੪੨॥


Flag Counter