ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 619


ਅਨਭੈ ਭਵਨ ਪ੍ਰੇਮ ਭਗਤਿ ਮੁਕਤਿ ਦ੍ਵਾਰ ਚਾਰੋ ਬਸੁ ਚਾਰੋ ਕੁੰਟ ਰਾਜਤ ਰਾਜਾਨ ਹੈ ।

ਸਤਿਗੁਰ ਦਾ ਘਰ ਸੁਤੇ ਗਿਆਨ ਦਾ ਘਰ ਹੈ ਪ੍ਰੇਮਾ ਭਗਤੀ ਤੇ ਮੁਕਤੀ ਇਸ ਦੁਆਰੇ ਹੱਥ ਬੱਧੀ ਖੜੀਆਂ ਹਨ, ਚਾਰੋਂ ਪਦਾਰਥ ਧਰਮ,ਅਰਥ, ਕਾਮ ਮੋਖ ਇਸ ਘਰ ਦੇ ਵੱਸ ਵਿਚ ਹਨ ਤੇ ਚਹੁੰਆਂ ਕੁੰਟਾਂ ਵਿਚ ਮੇਰਾ ਸਤਿਗੁਰ ਰਾਜਿਆਂ ਦਾ ਰਾਜਾ ਬਿਰਾਜ ਰਿਹਾ ਹੈ।

ਜਾਗ੍ਰਤ ਸ੍ਵਪਨ ਦਿਨ ਰੈਨ ਉਠ ਬੈਠ ਚਲਿ ਸਿਮਰਨ ਸ੍ਰਵਨ ਸੁਕ੍ਰਿਤ ਪਰਵਾਨ ਹੈ ।

ਉਸ ਨੂੰ ਜਾਗਦੇ ਸੁੱਤੇ, ਦਿਨੇ ਰਾਤ, ਉਠਦੇ ਬੈਠਦੇ ਚਲਦੇ ਸਿਮਰਨ ਕਰਨ ਤੇ ਗੁਰਬਾਣੀ ਪੜ੍ਹਨ ਸੁਣਨ ਦੀ ਸੋਹਣੀ ਕ੍ਰਿਤ ਪ੍ਰਵਾਣ ਹੁੰਦੀ ਹੈ।

ਜੋਈ ਜੋਈ ਆਵੈ ਸੋਈ ਭਾਵੈ ਪਾਵੈ ਨਾਮੁ ਨਿਧ ਭਗਤਿ ਵਛਲ ਮਾਨੋ ਬਾਜਤ ਨੀਸਾਨ ਹੈ ।

ਜਿਹੜਾ ਜਿਹੜਾ ਆਉਂਦਾ ਹੈ, ਉਹੋ ਮਨ ਭਾਉਂਦਾ ਨਾਮ ਦਾ ਖ਼ਜ਼ਾਨਾ ਪਾਉਂਦਾ ਹੈ, ਭਗਤੀ ਕਰਨ ਵਾਲੇ ਭਗਤਾਂ ਦਾ ਮਾਨੋ ਏਥੇ ਨਗਾਰਾ ਵੱਜ ਰਿਹਾ ਹੈ।

ਜੀਵਨ ਮੁਕਤਿ ਸਾਮ ਰਾਜ ਸੁਖ ਭੋਗਵਤ ਅਦਭੁਤ ਛਬਿ ਅਤਿ ਹੀ ਬਿਰਾਜਮਾਨ ਹੈ ।੬੧੯।

ਜੋ ਮੇਰੇ ਸਤਿਗੁਰ ਦੇ ਇਸ ਰਾਜ ਦੀ ਸ਼ਰਨ ਆਉਂਦਾ ਹੈ ਸੁਖ ਭੋਗਦਾ ਹੋਇਆ ਜੀਵਨ ਮੁਕਤ ਹੋ ਜਾਂਦਾ ਹੈ, ਐਸੀ ਅਸਚਰਜ ਤੇ ਅਤਿਅੰਤ ਸੋਭਾ ਮੇਰੇ ਸਤਿਗੁਰਾਂ ਦੇ ਘਰ ਦੀ ਸੁਭਾਇਮਾਨ ਹੋ ਰਹੀ ਹੈ ॥੬੧੯॥