ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 470


ਕੂਆ ਕੋ ਮੇਢਕੁ ਨਿਧਿ ਜਾਨੈ ਕਹਾ ਸਾਗਰ ਕੀ ਸ੍ਵਾਂਤ ਬੂੰਦ ਮਹਿਮਾ ਨ ਸੰਖ ਜੀਅ ਜਾਨਈ ।

ਖੂਹ ਦਾ ਡਡੂ ਕੀਹ ਜਾਨੇ ਕਿ ਸਮੁੰਦ੍ਰ ਵਿਚ ਕੇਹੋ ਕੇਹੋ ਜਹੇ ਭੰਡਾਰ ਹਨ, ਤੇ ਸਮੁੰਦ੍ਰ ਵਾਸੀ ਸੰਖ ਸ੍ਵਾਂਤੀ ਬੂੰਦ ਦੀ ਮਹਿਮਾ ਨਹੀਂ ਜਾਣ ਸਕਿਆ।

ਦਿਨਕਰਿ ਜੋਤਿ ਕੋ ਉਦੋਤ ਕਹਾ ਜਾਨੈ ਉਲੂ ਸੇਂਬਲ ਸੈ ਕਹਾ ਖਾਇ ਸੂਹਾ ਹਿਤ ਠਾਨਈ ।

ਸੂਰਜ ਦੇ ਉਦੇ ਹੋਣ ਦੇ ਪ੍ਰਕਾਸ਼ ਨੂੰ ਉੱਲੂ ਕੀਹ ਜਾਣੇ ਤੇ ਸੂਆ ਤੋਤਾ ਹਿਤ ਠਾਨਈ ਪ੍ਯਾਰ ਨਾਲ ਸ੍ਵਾਦ ਲਾ ਲਾ ਕੇ ਸਿੰਬਲ ਦੇ ਬੂਟੇ ਤੋਂ ਕੀਹ ਖਾਵੇ।

ਬਾਇਸ ਨ ਜਾਨਤ ਮਰਾਲ ਮਾਲ ਸੰਗਤਿ ਕੋ ਮਰਕਟ ਮਾਨਕੁ ਹੀਰਾ ਨ ਪਹਿਚਾਨਈ ।

ਕਾਂ ਨਹੀਂ ਜਾਣਦਾ ਹੈ ਹੰਸਾਂ ਦੀ ਪੰਗਤ ਦੀ ਸੰਗਤ ਨੂੰ ਤੇ ਬਾਂਦਰ ਹੀਰੇ ਮਣੀਆਂ ਨੂੰ ਨਹੀਂ ਪਛਾਣ ਸੱਕਦਾ।

ਆਨ ਦੇਵ ਸੇਵਕ ਨ ਜਾਨੈ ਗੁਰਦੇਵ ਸੇਵ ਗੂੰਗੇ ਬਹਰੇ ਨ ਕਹਿ ਸੁਨਿ ਮਨੁ ਮਾਨਈ ।੪੭੦।

ਇਸੇ ਤਰ੍ਹਾਂ ਹੋਰ ਹੋਰ ਦੇਵਤਿਆਂ ਦੇ ਸੇਵਕ ਨਹੀਂ ਜਾਣਦੇ ਕਿ ਗੁਰੂ ਦੇਵ ਸੇਵਨ ਦਾ ਮਹਾਤਮ ਕੀਹ ਕੁਛ ਹੈ। ਜੀਕੂੰ ਗੁੰਗੇ ਬੋਲੇ ਦਾ ਮਨ ਆਖ ਸੁਣ ਕੇ ਨਹੀਂ ਮਮੰਨ ਸਕਦਾ ਤੀਕੂੰ ਹੀ ਆਨ ਦੇਵ ਸੇਵਕਾਂ ਦੇ ਕੰਨ ਗੁਰਮਤ ਅਨੁਸਾਰੀ ਸਿਖ੍ਯਾ ਸੁਨਣੋਂ ਅਨਵੰਜ ਹਨ ਤੇ ਓਨਾਂ ਦੀ ਰਸਨਾ ਭੀ ਮਾਨੋ ਗੁੰਗੀ ਹੈ ਜੋ ਪ੍ਰਸ਼ਨੋਤਰ ਕਰ ਕੇ ਇਸ ਮਾਰਗ ਬਾਬਤ ਤਸੱਲੀ ਕਰ ਕਰਾ ਸਕਨ ॥੪੭੦॥


Flag Counter