ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 458


ਪੂਰਨ ਬ੍ਰਹਮ ਸਮ ਦੇਖਿ ਸਮਦਰਸੀ ਹੁਇ ਅਕਥ ਕਥਾ ਬੀਚਾਰ ਹਾਰਿ ਮੋਨਿਧਾਰੀ ਹੈ ।

ਪੂਰਨ ਬ੍ਰਹਮ ਨੂੰ ਸਮ ਇਕ ਸਮ ਸਾਰੇ ਰਮਿਆ ਤੱਕ ਕੇ ਸਮਦਰਸੀ ਹੋ ਗਏ ਹਨ; ਤੇ ਅਰਥ ਕਹਾਣੀ ਦੇ ਮਰਮ ਨੂੰ ਵੀਚਾਰ ਸਮਝ ਕੇ ਮਨ ਅੰਦਰ ਹਾਰ ਧਾਰਣ ਕਰ ਲਈ ਹੈ; ਭਾਵ ਮਨ ਦੀਆਂ ਹਠ ਧਰਮੀਆਂ ਐਸੇ ਗੁਰਮੁਖਾਂ ਨੇ ਤ੍ਯਾਗ ਦਿਤੀਆਂ ਹਨ।

ਹੋਨਹਾਰ ਹੋਇ ਤਾਂ ਤੇ ਆਸਾ ਤੇ ਨਿਰਾਸ ਭਏ ਕਾਰਨ ਕਰਨ ਪ੍ਰਭ ਜਾਨਿ ਹਉਮੈ ਮਾਰੀ ਹੈ ।

ਵਾਹਗੁਰੂ ਨੇ ਜੋ ਕੁਛ ਥਾਪ ਰਖਿਆ ਹੈ; ਉਹ ਹੋਣਹਾਰ ਹੋ ਕੇ ਹੀ ਰਹਿਣੀ ਹੈ ਤਿਸ ਕਰ ਕੇ ਆਸਾਂ ਉਮੇਦਾਂ ਧਾਰ ਰਖਣ ਵੱਲੋਂ ਨਿਰਾਸ ਹੋ ਗਏ ਹਨ ਤੇ ਸਰਬ ਸ਼ਕਤੀਵਾਨ ਪਰਮੇਸ਼੍ਵਰ ਹੀ ਕਰਣ ਕਾਰਣ ਹੈ; ਐਸਾ ਸਮਝ ਕੇ 'ਮੈ' ਕਰਤਾ ਪਣੇ ਵਾਲੀ ਹਉਮੈ ਨੂੰ ਭੀ ਓਨਾਂ ਨੇ ਮਾਰ ਦਿੱਤਾ ਹੈ।

ਸੂਖਮ ਸਥੂਲ ਓਅੰਕਾਰ ਕੈ ਅਕਾਰ ਹੁਇ ਬ੍ਰਹਮ ਬਿਬੇਕ ਬੁਧ ਭਏ ਬ੍ਰਹਮਚਾਰੀ ਹੈ ।

ਵਾਹਗੁਰੂ ਦੇ ਸ਼ਬਦ ਬ੍ਰਹਮ ਓਅੰਕਾਰ ਤੋਂ ਸਾਰੇ ਸਥੂਲ ਦ੍ਰਿਸ਼ਟਮਾਨ ਅਰੁ ਸੂਖਮ ਅਦ੍ਰਿਸ਼ਟ ਪਦਾਰਥ ਉਪਜੇ ਹੋਏ ਹਨ ਤੇ ਓਸੇ ਦੇ ਆਧਾਰ ਤੇ ਇਸਥਿਤ ਰਹਿ ਓਸੇ ਵਿਖੇ ਓੜਕ ਨੂੰ ਲੀਣ ਹੋ ਜਾਣੇ ਹਨ; ਐਸੇ ਬ੍ਰਹਮ ਬਿਬੇਕ ਅਨੇਕਾਂ ਵਿਚ ਇਕ ਮਾਤ੍ਰ ਬ੍ਰਹਮ ਸੱਤਾ ਦੇ ਹੀ ਬੁਧਿ ਬੁਝਨ ਹਾਰੇ ਹੋ ਕੇ ਬ੍ਰਹਮਚਾਰੀ ਬ੍ਰਹਮ ਵਿਖੇ ਵਰਤਨ ਵਾਲੇ ਬਣ ਗਏ ਹਨ।

ਬਟ ਬੀਜ ਕੋ ਬਿਥਾਰ ਬ੍ਰਹਮ ਕੈ ਮਾਇਆ ਛਾਇਆ ਗੁਰਮੁਖਿ ਏਕ ਟੇਕ ਦੁਬਿਧਾ ਨਿਵਾਰੀ ਹੈ ।੪੫੮।

ਜਿਸ ਪ੍ਰਕਾਰ ਥੋੜਾ ਦੇ ਬੀ ਦੀ ਓਟ ਲੈ ਕੇ ਧਰਤੀ ਇਤਨਾ ਵਿਸਤਾਰ ਕਰ ਦਿੰਦੀ ਹੈ; ਤੇ ਇਸ ਸਭ ਪਸਾਰੇ ਵਿਚ ਇਕ ਮਾਤ੍ਰ ਬੀਜ ਦੀ ਹੀ ਸਤ੍ਯਾ ਸ੍ਯਾਣੇ ਸਮਝ੍ਯਾ ਕਰਦੇ ਹਨ; ਐਸੇ ਹੀ ਮਾਯਾ ਬਹਮ ਦੀ ਛਾਯਾ ਨੂੰ ਲੈ ਕੇ ਇਤਨੇ ਮਹਾਨ ਪ੍ਰਪੰਚ ਪਸਾਰੇ ਨੂੰ ਪਸਾਰਦੀ ਹੈ; ਜਿਸ ਵਿਖੇ ਕੇਵਲ ਇਕ ਮਾਤ੍ਰ ਬ੍ਰਹਮ ਦੀ ਸੱਤਾ ਸਮਾਨ ਰੂਪ ਤੇ ਰਮੀ ਹੋਈ ਹੈ ਇਉਂ ਗੁਰਮੁਖਾਂ ਨੇ ਸਮਝ ਕੇ ਇਕ ਮਾਤ੍ਰ ਵਾਹਗੁਰੂ ਦੀ ਟੇਕ ਓਟ ਧਾਰ ਕੇ ਦੁਬਿਧਾ ਨੂੰ ਨਿਵਾਰਣ ਕਰ ਰਖ੍ਯਾ ਹੈ ॥੪੫੮॥