ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 20


ਗੁਰਮੁਖਿ ਸੁਖਫਲ ਦਇਆ ਕੈ ਦਿਖਾਵੈ ਜਾਹਿ ਤਾਹਿ ਆਨ ਰੂਪ ਰੰਗ ਦੇਖੇ ਨਾਹੀ ਭਾਵਈ ।

ਇਹ ਗੁਰਮੁਖੀ ਸੁਖਫਲ ਜਿਸ ਨੂੰ ਸਤਿਗੁਰ ਦਇਆ ਕਰ ਕੇ ਦਿਖਾਲਦੇ ਹਨ, ਓਸ ਨੂੰ ਹੋਰ ਰਸ ਸ੍ਵਾਦ ਰੂਪ ਦਰਸਨ ਰੰਗ ਪਿਆਰ ਪਾਤ੍ਰ ਪਦਾਰਥ ਭਾਵ - ਇੰਦ੍ਰੀਆਂ ਦੇ ਵਿਖਯ ਰੂਪ ਭੋਗ ਪਦਾਰਥ ਤੱਕੇ ਭੀ ਨਹੀਂ ਭੌਂਦੇ ਅਰਥਾਤ ਦੇਖਨ ਲਈ ਭੀ ਓਸ ਦਾ ਜੀ ਨਹੀਂ ਲਲਚੌਂਦਾ।

ਗੁਰਮੁਖਿ ਸੁਖਫਲ ਮਇਆ ਕੈ ਚਖਾਵੈ ਜਾਹਿ ਤਾਹਿ ਅਨਰਸ ਨਹੀਂ ਰਸਨਾ ਹਿਤਾਵਹੀ ।

ਜਿਸ ਨੂੰ ਸਤਿਗੁਰੂ, ਕਿਰਪਾ ਕਰ ਕੇ ਇਹ ਗੁਰਮੁਖੀ ਸੁਖਫਲ ਚਖਾ ਦੇਣ ਅਨੁਭਵ ਕਰਾ ਦੇਣ, ਤਿਸ ਨੂੰ ਅਨਰਸ ਹੋਰ ਹੋਰ ਸ੍ਵਾਦ ਬਾਹਰਲੇ ਸ੍ਵਾਦ ਰਸਨਾ ਰਸੀਲੇ ਹੋ ਹੋ ਕੇ ਨਹੀਂ ਹਿਤ ਆਉਂਦੇ ਅਰਥਾਤ ਰੁਚ੍ਯਾ ਨਹੀਂ ਕਰਦੇ।

ਗੁਰਮੁਖਿ ਸੁਖਫਲ ਅਗਹੁ ਗਹਾਵੈ ਜਾਹਿ ਸਰਬ ਨਿਧਾਨ ਪਰਸਨ ਕਉ ਨ ਧਾਵਈ ।

ਜਿਸ ਅਗਹੁ = ਨਹੀਂ ਗ੍ਰਹਿਣ ਕੀਤੇ ਜਾਂ ਸਕਨ ਜੋਗ ਅਗੰਮ ਗੁਰਮੁਖੀ, ਸੁਖਫਲ ਨੂੰ ਸਤਿਗੁਰੂ ਗਹਾਵੈ ਫੜਾ ਦੇਣ = ਪ੍ਰਾਪਤ ਕਰਾ ਦੇਣ, ਉਹ ਮੁੜ ਸਭ ਪ੍ਰਕਾਰ ਦੀਆਂ ਨਿੱਧਾਂ ਨੂੰ ਦਿੱਬ੍ਯ ਖਜ਼ਾਨਿਆਂ ਨੂੰ ਸਨਮੁਖ ਪ੍ਰਾਪਤ ਹੋਇਆ ਦੇਖ ਕੇ ਭੀ ਪਰਸਨ ਕਉ ਛੋਹਨ ਵਾਸਤੇ ਕਦਾਚਿਤ ਨਹੀਂ ਧਾਂਵਦਾ ਭਟਕਦਾ।

ਗੁਰਮੁਖਿ ਸੁਖਫਲ ਅਲਖ ਲਖਾਵੈ ਜਾਹਿ ਅਕਥ ਕਥਾ ਬਿਨੋਦ ਵਾਹੀ ਬਨਿ ਆਵਈ ।੨੦।

ਮੁੱਕਦੀ ਗੱਲ ਕੀਹ ਕਿ ਜਿਸ ਨੂੰ ਅਲਖ ਲਖਤਾ ਵਿਚ ਨਾ ਆ ਸਕਨ ਵਾਲੇ ਗੁਰਮੁਖੀ ਸੁਖਫਲ ਨੂੰ ਸਤਿਗੁਰ ਲਖਾ ਦੇਣ, ਓਸ ਦੇ ਬਿਨੋਦ ਕੌਤਕ ਖੇਲ ਦੀ ਕਥਾ ਅਕੱਥ ਰੂਪ ਕਹਿਣ ਤੋਂ ਪਾਰ ਹੈ, ਜਿਸ ਨੇ ਅਨਭਉ ਕੀਤੀ ਬੱਸ ਓਸੇ ਨੂੰ ਹੀ ਸਮਝੀ ਬਣਾ ਆਉਂਦੀ ਹੈ ਦੂਸਰੇ ਆਖ ਸੁਣ ਕੇ ਇਸ ਤੋਂ ਕੋਈ ਵਿਸ਼ੇਖ ਖਾਸ ਲਾਭ ਨਹੀਂ ਪ੍ਰਾਪਤ ਕਰ ਸਕਦੇ ॥੨੦॥


Flag Counter