ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 320


ਦੀਪਕ ਪਤੰਗ ਮਿਲਿ ਜਰਤ ਨ ਰਾਖਿ ਸਕੈ ਜਰੇ ਮਰੇ ਆਗੇ ਨ ਪਰਮਪਦ ਪਾਏ ਹੈ ।

ਦੀਵੇ ਨੂੰ ਪਤੰਗੇ ਦੇ ਮਿਲਦਿਆਂ ਸਾਰ ਸੜਨੋਂ ਦੀਵਾ ਓਸ ਨੂੰ ਨਹੀਂ ਬਚਾ ਸਕ੍ਯਾ ਕਰਦਾ ਇਹ ਘਾਟਾ ਇਕ ਅੰਗੀ ਪ੍ਰੀਤੀ ਵਿਚ ਜੀਉਂਦੇ ਜੀ ਇਹ ਪੌਂਦਾ ਹੈ, ਅਤੇ ਸੜਕੇ ਮਰ ਮਿਟਿਆਂ ਆਗੇ ਪਰਲੋਕ ਵਿਖੇ ਪਰਮਪਦੁ ਮੁਕਤੀ ਏਸ ਨੂੰ ਪ੍ਰਾਪਤ ਨਹੀਂ ਹੁੰਦੀ।

ਮਧੁਪ ਕਮਲ ਮਿਲਿ ਭ੍ਰਮਤ ਨ ਰਾਖਿ ਸਕੈ ਸੰਪਟ ਮੈ ਮੂਏ ਸੈ ਨ ਸਹਜ ਸਮਾਏ ਹੈ ।

ਭੌਰਾ ਕਮਲ ਫੁੱਲ ਨੂੰ ਮਿਲ ਪਵੇ ਤਾਂ ਉਹ ਕੌਲ ਓਸ ਨੂੰ ਭਰਮਨੋਂ ਫੁੱਲ ਫੁੱਲ ਉਪਰ ਭਟਕਨੋਂ ਨਹੀਂ ਰੋਕ ਸਕਦਾ, ਤੇ ਜਦ ਸੁਗੰਧੀ ਦੀ ਲਪਟ ਉਪਰ ਮਸਤ ਹੋਯਾ ਕੌਲ ਫੁਲ ਵਿਚ ਸੰਧ੍ਯਾ ਸਮੇਂ ਸਮੀਟ ਕੇ ਮਰ ਜਾਂਦਾ ਹੈ ਤਾਂ ਇਸ ਮੌਤ ਤੋਂ ਉਹ ਸਹਜ ਪਦ ਸ਼ਾਂਤੀ ਸਰੂਪ ਮੋਖ ਅਵਸਥਾ ਵਿਚ ਸਮਾਈ ਨਹੀਂ ਪਾ ਸਕ੍ਯਾ ਕਰਦਾ। ਭਾਵ ਇਕ ਅੰਗ ਸੰਸਾਰੀ ਪ੍ਰੀਤੀ ਪਿਛੇ ਐਸੀ ਪ੍ਰੀਤੀ ਦਾ ਪ੍ਰਣ ਪਾਲ ਮਰਣਾ ਲੋਕ ਪਰਲੋਕ ਵਿਖੇ ਕੁਛ ਨਹੀਂ ਸੁਆਰ ਸਕਦਾ।

ਜਲ ਮਿਲਿ ਮੀਨ ਕੀ ਨ ਦੁਬਿਧਾ ਮਿਟਾਇ ਸਕੀ ਬਿਛੁਰਿ ਮਰਤ ਹਰਿ ਲੋਕ ਨ ਪਠਾਏ ਹੈ ।

ਜਲ ਮਛਲੀ ਦੇ ਮੇਲ ਹੋਯਾਂ ਇਸ ਦੀ ਦੁਬਿਧਾ ਜਲ ਤੋਂ ਨਹੀਂ ਮਿਟਾਈ ਜਾ ਸਕੀ, ਤੇ ਵਿਛੋੜੇ ਨੂੰ ਪ੍ਰਾਪਤ ਹੋਈ ਓਸ ਨੂੰ ਇਹ ਜਲ ਵੈਕੁੰਠ ਵਿਖੇ ਨਾ ਪੁਚਾ ਸਕ੍ਯਾ। ਭਾਵ ਲੋਕ ਪਰਲੋਕ ਦੋਵੇਂ ਹੀ ਮਛਲੀ ਦੇ ਜਾਂਦੇ ਰਹਿੰਦੇ ਹਨ ਐਸੇ ਹੀ ਸੰਸਾਰੀ ਪ੍ਰੀਤੀ ਪਿਛੇ ਮਰ ਮਿਟਨ ਵਾਲ੍ਯਾਂ ਦਾ ਮਾਨੋ ਹਾਲ ਹੈ।

ਇਤ ਉਤ ਸੰਗਮ ਸਹਾਈ ਸੁਖਦਾਈ ਗੁਰ ਗਿਆਨ ਧਿਆਨ ਪ੍ਰੇਮ ਰਸ ਔਮ੍ਰਿਤ ਪੀਆਏ ਹੈ ।੩੨੦।

ਪਰ ਗੁਰੂ ਮਹਾਰਾਜ ਦਾ ਸੰਗਮ ਮੇਲਾ ਤਾਂ ਇਤ ਇਸ ਲੋਕ ਵਿਖੇ ਭੀ ਜੀਉਂਦੇ ਜੀ ਸੁਖਾਂ ਦੇ ਦੇਣ ਹਾਰਾ ਹੈ ਅਤੇ ਉਤ ਸਰੀਰ ਤ੍ਯਾਗ ਉਪ੍ਰੰਤ ਪ੍ਰਲੋਕ ਗਾਮੀ ਹੋਯਾਂ ਉਸ ਲੋਕ ਵਿਖੇ ਭੀ ਸਹਾਈ ਸਹੈਤਾ ਕਰਣਹਾਰਾ ਪੂਰਾ ਨਿਭਦਾ ਹੈ। ਕ੍ਯੋਂਕਿ ਗੁਰੂ ਮਹਾਰਾਜ ਅਪਣੇ ਸੰਗੀ ਨੂੰ ਅਪਣੇ ਗਿਆਨ ਉਪਦੇਸ਼ ਦਾ ਧਿਆਨ ਧਾਰਣ ਕਰਾਣ ਕਰ ਕੇ ਪ੍ਰੇਮ ਰਸ ਰੂਪ ਅੰਮ੍ਰਿਤ ਪੀਆਲ ਦਿੰਦੇ ਹਨ ਜਿਸ ਕਰ ਕੇ ਗੁਰਮੁਖ ਗੁਰ ਸਿੱਖ ਸਦਾ ਲਈ ਅਮਰ ਹੋ ਜਾਯਾ ਕਰਦਾ ਹੈ ॥੩੨੦॥