ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 510


ਜੈਸੇ ਫਲ ਫੂਲਹਿ ਲੈ ਜਾਇ ਬਨ ਰਾਇ ਪ੍ਰਤਿ ਕਰੈ ਅਭਿਮਾਨੁ ਕਹੋ ਕੈਸੇ ਬਨਿ ਆਵੈ ਜੀ ।

ਜਿਸ ਤਰ੍ਹਾਂ ਫਲ ਫੁੱਲ ਆਦਿ ਦੀ ਭੇਟਾ ਲੈ ਕੇ ਬਨਾਂ ਦੇ ਰਾਜੇ ਬਨ ਦੇਵਤਾ ਪਾਸ ਜਾਵੇ ਤੇ ਭੇਟਾ ਅਰਪ ਕੇ ਕਰੇ ਅਭਿਮਾਨ ਇਸ ਗੱਲ ਦਾ ਕਿ ਮੈਂ ਫਲ ਫੁਲ ਅਰਪਣ ਕੀਤੇ ਹਨ ਤਾਂ ਦੱਸੋ ਇਹ ਕਿਸ ਤਰ੍ਹਾਂ ਫੱਬ ਸਕਦਾ ਹੈ।

ਜੈਸੇ ਮੁਕਤਾਹਲ ਸਮੁੰਦ੍ਰਹਿ ਦਿਖਾਵੈ ਜਾਇ ਬਾਰ ਬਾਰ ਹੀ ਸਰਾਹੈ ਸੋਭਾ ਤਉ ਨ ਪਾਵੈ ਜੀ ।

ਜਿਸ ਤਰ੍ਹਾਂ ਸਮੁੰਦ੍ਰ ਪਾਸ ਜਾ ਕੇ ਓਸ ਨੂੰ ਕੋਈ ਮੋਤੀ ਨਜਰਾਨੇ ਤਰਾਂ ਦਿਖਾਵੇ, ਅਤੇ ਮੁੜ ਮੁੜ ਓਸ ਮੋਤੀ ਦੀ ਸਲਾਹੁਤਾ ਕਰੇ, ਤਾਂ ਉਹ ਸੋਭਾ ਨਹੀਂ ਪਾਇਆ ਕਰਦਾ।

ਜੈਸੇ ਕਨੀ ਕੰਚਨ ਸੁਮੇਰ ਸਨਮੁਖ ਰਾਖਿ ਮਨ ਮੈ ਗਰਬੁ ਕਰੈ ਬਾਵਰੋ ਕਹਾਵੈ ਜੀ ।

ਜਿਸ ਤਰ੍ਹਾਂ ਸੋਨੇ ਦੀ ਕਣੀ ਅਰੈਣੀ ਸੁਮੇਰ ਪਰਬਤ ਦੇ ਸਾਮਨੇ ਜਾ ਭੇਟਾ ਰਖੇ ਅਤੇ ਮਨ ਵਿਚ ਇਸ ਭੇਟਾ ਵਜੋਂ ਗੁਮਾਨ ਕਰੇ, ਤਾਂ ਉਹ ਲੋਕਾਂ ਵਿਚ ਬਾਵਰਾ ਸੁਦਾਈ ਕਮਲਾ ਹੀ ਅਖਵਾਇਆ ਕਰਦਾ ਹੈ।

ਤੈਸੇ ਗਿਆਨ ਧਿਆਨ ਠਾਨ ਪ੍ਰਾਨ ਦੈ ਰੀਝਾਇਓ ਚਾਹੈ ਪ੍ਰਾਨਪਤਿ ਸਤਿਗੁਰ ਕੈਸੇ ਕੈ ਰੀਝਾਵੈ ਜੀ ।੫੧੦।

ਤਿਸੀ ਪ੍ਰਕਾਰ ਹੀ ਗਿਆਨ ਧਿਆਨ ਦੇ ਠਾਨਣ ਪ੍ਰਾਪਤ ਕਰਨ ਖਾਤਰ ਪ੍ਰਾਣਾਂ ਨੂੰ ਅਰਪ ਕੇ, ਜੇ ਗੁਰੂ ਮਹਾਰਾਜ ਨੂੰ ਰਿਝਾਨਾ ਚਾਹੇ ਤਾਂ ਪ੍ਰਾਣ ਪਤੀ ਸਤਿਗੁਰਾਂ ਨੂੰ ਕਹੋ ਕਿਸ ਤਰ੍ਹਾਂ ਨਾਲ ਰਿਝਾ ਸਕੇ ॥੫੧੦॥