ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 187


ਦੀਪਕ ਪਤੰਗ ਸੰਗ ਪ੍ਰੀਤਿ ਇਕ ਅੰਗੀ ਹੋਇ ਚੰਦ੍ਰਮਾ ਚਕੋਰ ਘਨ ਚਾਤ੍ਰਿਕ ਨ ਹੋਤ ਹੈ ।

ਦੀਵੇ ਅਰ ਪਤੰਗੇ ਫੰਬਟ ਦੇ ਸੰਗ ਮੇਲ ਵਿਚ ਪ੍ਰੀਤੀ ਇਕ ਪਾਸੀ ਇਕ ਪਾਸੜ ਹੁੰਦੀ ਹੈ ਕ੍ਯੋਂਕਿ ਫੰਬਟ ਦੀ ਹੁੰਦੀ ਹੈ ਪ੍ਰੰਤੂ ਦੀਵੇ ਦੀ ਨਹੀਂ ਐਸਾ ਹੀ ਚਕੋਰ ਦੀ ਹੁੰਦੀ ਹੈ ਪਰ ਚੰਦ੍ਰਮਾ ਦੀ ਨਹੀਂ ਤਥਾ ਪਪੀਹੇ ਦੀ ਹੁੰਦੀ ਹੈ ਪ੍ਰੰਤੂ ਬੱਦਲ ਦੀ ਨਹੀਂ ਹੁੰਦੀ।

ਚਕਈ ਅਉ ਸੂਰ ਜਲਿ ਮੀਨ ਜਿਉ ਕਮਲ ਅਲਿ ਕਾਸਟ ਅਗਨ ਮ੍ਰਿਗ ਨਾਦ ਕੋ ਉਦੋਤ ਹੈ ।

ਇਞੇਂ ਹੀ ਚਕਵੀ ਦੀ ਹੈ ਪਰ ਸੂਰਜ ਦੀ ਨਹੀਂ, ਮਛਲੀ ਦੀ ਹੈ ਪਰ ਜਲ ਦੀ ਨਹੀਂ, ਭੋਰੇ ਦੀ ਹੈ ਪਰ ਕੌਲ ਦੀ ਨਹੀਂ, ਕਾਠ ਦੀ ਹੈ ਪਰ ਅੱਗ ਦੀ ਨਹੀਂ, ਮ੍ਰਿਗ ਦੀ ਹੈ ਪਰ ਨਾਦ ਦੀ ਨਹੀਂ। ਇਹ ਗੱਲ ਉਦੋਤ ਹੈ ਪ੍ਰਗਟ ਹੈ ਭਾਵ ਸਭ ਜਾਣਦੇ ਹਨ।

ਪਿਤ ਸੁਤ ਹਿਤ ਅਰੁ ਭਾਮਨੀ ਭਤਾਰ ਗਤਿ ਮਾਇਆ ਅਉ ਸੰਸਾਰ ਦੁਆਰ ਮਿਟਤ ਨ ਛੋਤਿ ਹੈ ।

ਪਿਤਾ ਦਾ ਹਿਤ ਪਿਆਰ ਹੁੰਦਾ ਹੈ ਪਰ ਪੁਤ ਦਾ ਨਹੀਂ, ਅਰੁ ਇਸਤ੍ਰੀ ਦਾ ਹੈ ਪਰ ਪਤੀ ਦੀ ਗਤਿ ਚਾਲ ਦਸ਼ਾ ਐਸੀ ਨਹੀਂ ਹੁੰਦੀ, ਅਰੁ ਇਸੀ ਭਾਂਤ ਸੰਸਾਰ ਸੰਸਾਰੀ ਜੀਵਾਂ ਦਾ ਹੈ ਪਰ ਮਾਯਾ ਦਾ ਨਹੀਂ ਹੁੰਦਾ, ਕ੍ਯੋਂਕਿ ਆਪੋ ਵਿਚ ਦਾ ਦੁਆਰ ਦੁਵੱਲ ਪਨਾ ਇਕੋ ਜਿਹਾ ਭਾਵ ਪਿਆਰ ਮਿਟਿਆ ਪਿਆ ਹੈ ਮਾਨੋ ਕਿਤੇ ਛੋਹਿਆ ਹੀ ਨਹੀਂ ਹੈ। ਅਰਥਾਤ ਦੁਪਾਸੜਪਣਾ ਮਾਨੋ ਲਭਦਾ ਹੀ ਨਹੀਂ ਹੈ। ਅਥਵਾ ਦੁਆਰ ਦ੍ਵੈਤ ਭਾਵ ਦੀ ਕੰਧ ਜਿਹੜੀ ਇਹ ਆਪੋ ਵਿਚ ਪੈ ਚੁਕੀ ਹੈ ਮਿਟਦੀ ਹੀ ਨਹੀਂ, ਮਾਨੋ ਇਹ ਛੋਤ ਛੋਹ ਲਗੀ ਪਈ ਹੈ ਧੁਰ ਦੀ।

ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਸਾਚੋ ਲੋਕ ਪਰਲੋਕ ਸੁਖਦਾਈ ਓਤਿ ਪੋਤਿ ਹੈ ।੧੮੭।

ਹਾਂ! ਜੇ ਹੈ ਦੁਵੱਲਾ ਪਿਆਰ ਤਾਂ ਇੱਕ ਗੁਰੂ ਕੇ ਸਿੱਖਾਂ ਦੀ ਸੰਗਤਿ ਦੇ ਮਿਲਾਪ ਵਿਚ। ਇਸੇ ਦਾ ਹੀ ਪ੍ਰਤਾਪ ਸੱਚਾ ਹੈ ਤੇ ਲੋਕ ਪ੍ਰਲੋਕ ਵਿਖੇ ਏਹੀ ਇਕ ਮਾਤ੍ਰ ਸੁਖਦਾਈ ਹੈ, ਤਥਾ ਤਾਣੇ ਪੇਟੇ ਦੀਆਂ ਤਾਰਾਂ ਨ੍ਯਾਈਂ ਦੁਵੱਲੀ ਰਮ੍ਯਾ ਰਹਿੰਦਾ ਹੈ ॥੧੮੭॥ ਇਸੇ ਆਸ਼੍ਯ ਪਰ ੩੨੧ ਕਬਿੱਤ ਦੀ ਵੀਚਾਰ ਪੜ੍ਹੋ।


Flag Counter