ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 170


ਪ੍ਰੇਮ ਰੰਗ ਸਮਸਰਿ ਪੁਜਸਿ ਨ ਕੋਊ ਰੰਗ ਪ੍ਰੇਮ ਰੰਗ ਪੁਜਸਿ ਨ ਅਨ ਰਸ ਸਮਾਨਿ ਕੈ ।

ਪ੍ਰੇਮ ਦੀ ਡੌਲ ਢਾਲ ਚਾਲ ਦੇ ਬਰਾਬਰ ਹੋਰ ਕੋਈ ਰੰਗ ਢੰਗ ਨਹੀਂ ਪੁਜ ਸਕਦਾ, ਪ੍ਰੇਮ ਦੇ ਰਸ ਸ੍ਵਾਦ ਵਾ ਹਰਖ ਨੂੰ ਨਹੀਂ ਪੁਗ ਸਕਦਾ, ਕੋਈ ਦੂਸਰਾ ਰਸ ਬ੍ਰਾਬਰੀ ਤੇ।

ਪ੍ਰੇਮ ਗੰਧ ਪੁਜਸਿ ਨ ਆਨ ਕੋਊਐ ਸੁਗੰਧ ਪ੍ਰੇਮ ਪ੍ਰਭੁਤਾ ਪੁਜਸਿ ਪ੍ਰਭੁਤਾ ਨ ਆਨ ਕੈ ।

ਪ੍ਰੇਮ ਦੀ ਮਹਿਕ ਪ੍ਰੇਮ ਦੀ ਧੁੰਮ ਜੋ ਦਿਲ ਦਿਮਾਗ ਅੰਦਰ ਮੱਚਦੀ ਹੈ ਓਸ ਨੂੰ ਹੀ ਪੁਜ ਸਕਦੀ ਹੋਰ ਕੋਈ ਭੀ ਸੁਗੰਧੀ ਵਾਸਨਾ ਦੀ ਪ੍ਰਵਿਰਤੀ ਤੋਂ ਉਪਜਨ ਵਾਲੀ ਦਸ਼ਾ, ਅਰੁ ਪ੍ਰੇਮ ਤੋਂ ਜੋ ਪ੍ਰਭਤਾਈ ਮਹੱਤਤਾ ਸ਼ਕਤੀ ਸੰਪੰਨਤਾ ਪ੍ਰਾਪਤ ਹੁੰਦੀ ਹੈ ਅਰਥਾਤ ਪ੍ਰੇਮ ਤੋਂ ਜੋ ਸਮਰੱਥਾ ਪ੍ਰੇਮੀ ਦੇ ਅੰਦਰ ਪ੍ਰਗਟਿਆ ਕਰਦੀ ਹੈ, ਓਸ ਨੂੰ ਕੈ ਆਨ ਕੋਈ ਹੋਰ ਦੂਸਰੀ ਭਾਂਤ ਦੀ ਪ੍ਰਭੁਤਾ ਨਹੀਂ ਪੁਗ ਸਕਦੀ, ਅਥਵਾ ਪ੍ਰਭਤਾ ਮਾਤ੍ਰ ਸੰਸਾਰ ਭਰ ਦੀ ਪ੍ਰਭੁਤਾ ਚੌਧਰ ਭੀ ਆਨ ਕੇ ਮੂਰਤੀ ਮਾਨ ਹੋ ਕੇ ਪ੍ਰੇਮ ਦੀ ਚੌਧਰਤਾ ਸਮੂਹ ਸਾਧਨਾਂ ਦੇ ਸਾਧਨ ਤੋਂ ਪ੍ਰਾਪਤ ਹੋਣ ਹਾਰੀ ਸਿੱਧੀ ਤੋਂ ਬਹੁਤ ਵੱਧ ਸਿੱਧੀ ਦਾ ਟਾਕਰਾ ਕਰੇ ਤਾਂ ਨਹੀਂ ਕਰ ਸਕਦੀ।

ਪ੍ਰੇਮ ਤੋਲੁ ਤੁਲਿ ਨ ਪੁਜਸਿ ਤੋਲ ਤੁਲਾਧਾਰ ਮੋਲ ਪ੍ਰੇਮ ਪੁਜਸਿ ਨ ਸਰਬ ਨਿਧਾਨ ਕੈ ।

ਪ੍ਰੇਮ ਦੇ ਤੋਲ ਦੇ ਤੁੱਲ ਬ੍ਰਾਬਰ ਨਾ ਕੋਈ ਵੱਟਾ ਹੀ ਤੇ ਨਾਹੀ ਕੋਈ ਤਕੜੀ ਅਥਵਾ ਤੋਲਨ ਹਾਰਾ ਪੁਗ ਸਕਦਾ ਹੈ। ਅਤੇ ਪ੍ਰੇਮ ਦੇ ਮੁੱਲ ਨੂੰ ਸਮੂਹ ਨਿੱਧੀਆਂ ਸੰਸਾਰ ਭਰ ਦੇ ਖ਼ਜ਼ਾਨਿਆਂ ਦੀਆਂ ਵਿਭੂਤੀਆਂ ਨਹੀਂ ਪੁਗ ਸਕਦੀਆਂ। ਭਾਵ, ਐਸੇ ਕੋਈ ਪਦਾਰਥ ਵਡਮੁੱਲੇ ਸੰਸਾਰ ਵਿਖੇ ਨਹੀਂ ਪ੍ਰਾਪਤ ਹੋ ਸਕਦੇ; ਜੈਸਾ ਅਮੋਲਕ ਕਿ ਪ੍ਰੇਮ ਹੁੰਦਾ ਹੈ।

ਏਕ ਬੋਲ ਪ੍ਰੇਮ ਕੈ ਪੁਜਸਿ ਨਹੀ ਬੋਲ ਕੋਊਐ ਗਿਆਨ ਉਨਮਾਨ ਅਸ ਥਕਤ ਕੋਟਾਨਿ ਕੈ ।੧੭੦।

ਕੋਈ ਬੋਲਨਾ ਬਚਨ ਬਾਣੀ ਦੀ ਚਤੁਰਾਈ, ਪ੍ਰੇਮ ਭਰੀ ਬਾਣੀ ਦੀ ਬ੍ਰਾਬਰੀ ਨਹੀਂ ਕਰ ਸਕਦੀ। ਅਰੁ ਅਸ ਐਸਾ ਹੀ ਕਰੋੜਾਂ ਭਾਂਤ ਦੇ ਉਨਮਾਨ ਕ੍ਯਾਸ ਕਲਪਨਾਵਾਂ ਪ੍ਰੇਮ ਦੇ ਮੰਡਲ ਵਿਚ ਉਪਜੇ ਗਿਆਨ ਨੂੰ ਨਹੀਂ ਪਹੁੰਚ ਸਕਦੇ। ਭਾਵ, ਬ੍ਰਾਬਰੀ ਨਹੀਂ ਕਰ ਸਕਦੇ ॥੧੭੦॥


Flag Counter