ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 244


ਰਚਨ ਚਰਿਤ੍ਰ ਚਿਤ੍ਰ ਬਿਸਮ ਬਚਿਤਰਪਨ ਚਿਤ੍ਰਹਿ ਚਿਤੈ ਚਿਤੈ ਚਿਤੇਰਾ ਉਰ ਆਨੀਐ ।

ਇਹ ਰਚਨਾ ਦਾ ਚਿਤ੍ਰ ਰੂਪ ਜੋ ਚਲਤ੍ਰਿ ਚੇਸ਼ਟਾ ਕਾਰਾ ਹੈ ਜੋ ਬਿਸਮ ਹਰਾਨ ਕਰ ਦੇਣ ਵਾਲੇ ਬਚਿਤ੍ਰਪਨੇ ਅਚਰਜ ਭਾਵ ਵਾਲਾ ਹੈ। ਇਸ ਭਾਂਤ ਇਸ ਚਿਤ੍ਰ ਨੂੰ ਚਿਤੈ ਚਿਤੈ ਚਿੰਤਨ ਕਰਦਿਆਂ ਕਰਦਿਆਂ ਤਕਦਿਆਂ ਤਕਦਿਆਂ ਇਸ ਦੇ ਚਿਤੇਰੇ ਚਿਤਰਨ ਹਾਰੇ ਕੁਦਰਤ ਦੇ ਮਾਲਕ ਕਾਦਰ ਨੂੰ ਹਿਰਦੇ ਵਿਚ ਲਿਆਂਦੇ ਨਿਸਚਾ ਧਾਰਦੇ ਹਨ। ਭਾਵ, ਗੁਰਮੁਖ ਐਸੇ ਨਿਸਚੇ ਵਾਲੇ ਬਣ ਜਾਇਆ ਕਰਦੇ ਹਨ।

ਬਚਨ ਬਿਬੇਕ ਟੇਕ ਏਕ ਹੀ ਅਨੇਕ ਮੇਕ ਸੁਨਿ ਧੁਨਿ ਜੰਤ੍ਰ ਜੰਤ੍ਰਧਾਰੀ ਉਨਮਾਨੀਐ ।

ਬਚਨ ਬਾਣੀ ਦੇ ਬਿਬੇਕ ਵੀਚਾਰ ਦੀ ਟੇਕ ਓਟ ਵਿਚ ਇਕੋ ਸ੍ਵਯੰ ਸੱਤਾ ਮਾਤ੍ਰ ਸਭ ਮਿਲੀ ਰਮੀ ਹੋਈ ਜਾਣ ਕੇ ਹਰ ਧੁਨੀ ਆਵਾਜ਼ ਨੂੰ ਸੁਣ ਕੇ ਐਉਂ ਇੱਕ ਰੂਪ ਉਨਮਾਨ ਕਰਦੇ ਮੰਨਦੇ ਹਨ ਜੀਕੂੰ ਜੰਤ੍ਰ ਵਾਜੇ ਦੀ ਤੇ ਜੰਤ੍ਰ ਧਾਰੀ ਵਾਜਾ ਵਜੌਨਹਾਰੇ ਦੀ ਧੁਨੀ ਨੂੰ ਸੁਣ ਕੇ ਇਕ ਰੂਪ ਹੀ ਉਨਮਾਨ ਕਰੀਦਾ ਹੈ।

ਅਸਨ ਬਸਨ ਧਨ ਸਰਬ ਨਿਧਾਨ ਦਾਨ ਕਰੁਨਾ ਨਿਧਾਨ ਸੁਖਦਾਈ ਪਹਿਚਾਨੀਐ ।

ਭੋਜਨ ਬਸਤ੍ਰ ਧਨ ਤਥਾ ਸਮੂਹ ਨਿਧੀਆਂ ਪਦਾਰਥਾਂ ਦਾ ਦਾਨ ਕਰਣ ਹਾਰਾ ਦਾਤਾ ਕ੍ਰਿਪਾ ਦੇ ਭੰਡਾਰ ਸੁਖਾਂ ਦੇ ਦਾਤੇ ਵਾਹਿਗੁਰੂ ਨੂੰ ਹੀ ਪਛਾਣਦੇ ਹਨ, ਭਾਵ, ਵਾਹਿਗੁਰੂ ਬਿਨਾਂ ਹੋਰਸ ਦੀ ਓਟ ਅੰਦਰ ਨਹੀਂ ਧਾਰਦ ਵਾ ਕਿਸੇ ਹੋਰਸ ਨੂੰ ਪਛਾਣਦੇ ਹੀ ਨਹੀਂ ਹਨ।

ਕਥਤਾ ਬਕਤਾ ਸ੍ਰੋਤਾ ਦਾਤਾ ਭੁਗਤਾ ਸ੍ਰਬਗਿ ਪੂਰਨ ਬ੍ਰਹਮ ਗੁਰ ਸਾਧਸੰਗਿ ਜਾਨੀਐ ।੨੪੪।

ਤਾਤਪ੍ਰਯ ਇਹ ਕਿ ਕਥਨ ਹਾਰਾ, ਵਖਿਆਨ ਕਰਤਾ ਨਿਰਣਾ ਕਰਣ ਵਾਲਾ ਸੁਨਣ ਹਾਰਾ ਸ੍ਰੋਤਾ ਵਾ ਦਾਤਾ ਭੁਗਤਾ ਭੋਗਨ ਹਾਰਾ ਸਰਬਗਤ ਸਰਬ ਬਿਆਪੀ ਪੂਰਨ ਬ੍ਰਹਮ ਸਰੂਪ ਗੁਰੂ ਨੂੰ ਹੀ ਸਾਧ ਸੰਗਤ ਵਿਚ ਮਿਲ ਕੇ ਗੁਰਮੁਖ ਜਾਣਿਆ ਕਰਦੇ ਹਨ ॥੨੪੪॥


Flag Counter