ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 35


ਰੋਮ ਰੋਮ ਕੋਟਿ ਬ੍ਰਹਿਮਾਂਡ ਕੋ ਨਿਵਾਸ ਜਾਸੁ ਮਾਨਸ ਅਉਤਾਰ ਧਾਰ ਦਰਸ ਦਿਖਾਏ ਹੈ ।

ਜਿਸ ਕਰਣ ਕਾਰਣ ਕਰਤਾਰ ਦੇ ਰੋਮ ਰੋਮ ਵਾਲ ਵਾਲ ਵਿਖੇ ਕ੍ਰੋੜਾਂ ਹੀ ਬ੍ਰਹਮੰਡਾਂ ਦਾ ਨਿਵਾਸ ਹੈ, ਉਸ ਨੇ ਆਪ ਮਾਨਸ ਅਉਤਾਰ ਮਾਨੁਖੀ ਸਰੂਪ ਧਾਰਣ ਕਰ ਕੇ ਦਰਸ਼ਨ ਦਿਖਾਇਆ ਹੋਇਆ ਹੈ ਭਾਵ ਇਸ ਕਾਲ ਵਿਖੇ ਮਨੁੱਖ ਮੰਡਲ ਅੰਦਰ ਦਰਸ਼ਨ ਦੇ ਰਹੇ ਹਨ।

ਜਾ ਕੇ ਓਅੰਕਾਰ ਕੈ ਅਕਾਰ ਹੈ ਨਾਨਾ ਪ੍ਰਕਾਰ ਸ੍ਰੀਮੁਖ ਸਬਦ ਗੁਰ ਸਿਖਨੁ ਸੁਨਾਏ ਹੈ ।

ਜਿਸ ਦੇ ਓਅੰਕਾਰ ਰੂਪ ਸ਼ਬਦ ਬ੍ਰਹਮ ਦੇ ਹੀ ਨਾਨਾ ਪ੍ਰਕਾਰ ਦੇ ਨ੍ਯਾਰੇ ਨ੍ਯਾਰੇ ਸਰੂਪਾਂ ਵਾਲੇ = ਅਨੰਤ ਆਕਾਰ ਜਗਤ = ਸ੍ਰਿਸ਼ਟੀ ਰੂਪ ਹੋ ਪਸਰੇ ਹੋਏ ਹਨ, ਓਹੋ ਹੀ ਸ੍ਵਯੰ ਸ੍ਰੀ ਮੁਖ ਸ਼ੋਭਾਇਮਾਨ ਮੁਖ ਕਮਲ ਦ੍ਵਾਰੇ ਸਾਖ੍ਯਾਤ ਗੁਰ ਆਪਣੇ ਸਿੱਖਾਂ ਨੂੰ ਸਬਦ ਉਪਦੇਸ਼ ਸੁਣਾਏ ਹੈ ਸੁਣਾ ਰਹੇ ਹਨ।

ਜਗ ਭੋਗ ਨਈਬੇਦ ਜਗਤ ਭਗਤ ਜਾਹਿ ਅਸਨ ਬਸਨ ਗੁਰਸਿਖਨ ਲਡਾਏ ਹੈ ।

ਜਗ੍ਯ ਬੇਦਾਂ ਦੇ ਕਰਮਕਾਂਡ ਦ੍ਵਾਰੇ ਨਿਰਪੂਣ ਕੀਤੀਆਂ ਰੀਤੀਆਂ ਦ੍ਵਾਰੇ ਯਗ੍ਯ = ਬ੍ਰਹਮ ਯਗ੍ਯ ਆਦਿ ਹੋਮ ਕਰ ਕਰ ਕੇ ਜਿਸ ਨੂੰ ਕਰਮਕਾਂਡੀ ਅਰਾਧਦੇ ਹਨ, ਨਈ ਵੇਦ ਭੋਗ ਅਨੇਕ ਭਾਂਤ ਦੇ ਭੋਗ ਭੋਜਨ ਜੋਗ ਮੋਹਨ ਭੋਗ ਆਦਿ ਪਦਾਰਥਾਂ ਨੂੰ ਅਰਪਣ ਕਰ ਕੇ, ਜਗਤ ਵਿਚ ਭਗਤ ਜਨ ਉਪਾਸਨਾ ਕਾਂਡ ਅਨੁਸਾਰੀ ਢੰਗਾਂ ਦ੍ਵਾਰਾ ਜਿਸ ਨੂੰ ਪੂਜਦੇ ਹਨ, ਉਹੀ ਪਰਮ ਪੂਜ੍ਯ ਪਰਮਾਤਮਾ ਅਸਨ ਬਸਨ ਖਾਨ ਪਾਨ ਅਰੁ ਪਹਿਰਾਨ ਜੋਗ ਪਦਾਰਥਾਂ ਆਦਿ ਦੀਆਂ ਬਖਸ਼ਸ਼ਾਂ ਬਖਸ਼ ਬਖਸ਼ ਕੇ ਗੁਰ ਸਿੱਖਨ ਆਪਣਿਆਂ ਸਿੱਖਾਂ ਨੂੰ ਲਾਡ ਲਡੌਂਦੇ ਪਏ ਦੁਲਾਰ ਰਹੇ ਹਨ।

ਨਿਗਮ ਸੇਖਾਦਿ ਕਬਤ ਨੇਤ ਨੇਤ ਕਰਿ ਪੂਰਮ ਬ੍ਰਹਮ ਗੁਰਸਿਖਨੁ ਲਖਾਏ ਹੈ ।੩੫।

ਨਿਗਮ ਬੇਦ, ਸ਼ਾਸਤ੍ਰ ਵਾ ਬੇਦ ਸ਼ਾਸਤ੍ਰ ਵੇਤਾ ਬ੍ਰਹਮਾ ਆਦਿਕ, ਤਥਾ ਸੇਖਾਦਿਕ = ਸੇਸ਼ ਨਾਗ ਪਤੰਜਲੀ ਆਦਿਕ ਰਿਖੀ ਮੁਨੀ, 'ਨੇਤਿ ਨੇਤਿ' ਨਹੀਂ ਅੰਤ ਜਿਸ ਦਾ, ਅਨੰਤ ਅਨੰਤ ਕਰ ਕੇ ਜਿਸ ਨੂੰ ਕਥਨ ਕਰਦੇ ਹਨ, ਓਸ ਪੂਰਨ ਬ੍ਰਹਮ ਨੇ ਹੀ ਗੁਰੂ ਸਰੂਪ ਹੋ ਕੇ ਸਿਖਾਂ ਨੂੰ ਆਪਣੇ ਆਪ ਤਾਂਈ ਲਖਾਇਆ ਹੈ ॥੩੫॥


Flag Counter