ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 248


ਅਵਘਟਿ ਉਤਰਿ ਸਰੋਵਰਿ ਮਜਨੁ ਕਰੈ ਜਪਤ ਅਜਪਾ ਜਾਪੁ ਅਨਭੈ ਅਭਿਆਸੀ ਹੈ ।

ਉਲਟੋ ਘਟਿ ਉਤਰਿ ਉਤਾਰਾ ਲੈ ਕੇ ਸਾਂਤਿ ਸਰੋਵਰ ਸੁੰਨ ਸ੍ਰੋਵਰ ਦਸਮ ਦ੍ਵਾਰ ਵਾ ਕਥਨ ਕੀਤੇ ਮਾਨਸਰ ਵਿਖੇ ਸ਼ਨਾਨ ਕਰੇ। ਮਜਨ ਦੇ ਮਗਨ ਅਰਥ ਕੀਤਿਆਂ ਅਪਣੇ ਆਪ ਨੂੰ ਉਥੇ ਮਗਨ ਕਰੇ ਵਾ ਲਿਵ ਲਗਾਵੇ ਅਜਪਾ ਜਾਪ ਜਪਦਿਆਂ ਹੋਇਆਂ, ਤਾਂ ਅਨਭੈ ਅਨੁਭਵੀ ਅਵਸਥਾ ਦਾ ਅਭਿਆਸੀ ਬਣ ਜਾਈਦਾ ਹੈ।

ਨਿਝਰ ਅਪਾਰ ਧਾਰ ਬਰਖਾ ਅਕਾਸ ਬਾਸ ਜਗਮਗ ਜੋਤਿ ਅਨਹਦ ਅਬਿਨਾਸੀ ਹੈ ।

ਜਦ ਕਿ ਇਕ ਰਸ ਅਪਾਰ ਧਾਰਾ ਨਾਮ ਅੰਮ੍ਰਿਤ ਵਾ ਪ੍ਰੇਮ ਰਸ ਦੀ ਬਰਸਨ ਲਗ ਪਿਆ ਕਰਦੀ ਹੈ ਤੇ ਗੁਰਮੁਖ ਪ੍ਰਾਣ ਪਿੰਡ ਰੂਪ ਧਰਤੀ ਦੇ ਨਿਵਾਸ ਨੂੰ ਤਿਆਗ ਕੇ ਅਕਾਸ ਬ੍ਰਹਮਾਂਡੀ ਮੰਡਲਾਂ ਦਾ ਵਾਸੀ ਹੋ ਜਾਂਦਾ ਹੈ ਅਥਵਾ ਇਸ ਸਰੀਰ ਵਾ ਇਸ ਲੋਕ ਦੀਆਂ ਬਾਸਨਾਂ ਨੂੰ ਤਿਆਗ ਕੇ ਪਰਲੋਕ ਸਬੰਧੀ ਪਰਮਾਤਮਾ ਪ੍ਰਾਯਣੀ ਬਾਸਨਾ ਉਤਕੰਠਾ ਵਾਲਾ ਬਣ ਜਾਇਆ ਕਰਦਾ ਹੈ; ਜਿੱਥੇ ਕਿ ਰੱਬੀ ਪ੍ਰਕਾਸ਼ ਦੀ ਜੋਤ ਜਗਮਗ ਕਰਦੀ ਰਹਿੰਦੀ ਹੈ; ਅਤੇ ਅਗੰਮੀ ਦਿਬ੍ਯ ਧੁਨੀ ਦਾ ਅਬਿਨਾਸੀ ਇਕ ਰਸ ਨਾਦ ਹੁੰਦਾ ਰਹਿੰਦਾ ਹੈ।

ਆਤਮ ਅਵੇਸ ਪਰਮਾਤਮ ਪ੍ਰਵੇਸ ਕੈ ਅਧਯਾਤਮ ਗਿਆਨ ਰਿਧਿ ਸਿਧਿ ਨਿਧਿ ਦਾਸੀ ਹੈ ।

ਜਿਸ ਦੇ ਸਹਾਰੇ ਪਹਿਲੇ ਆਪੇ ਵਿਚ ਅਵੇਸ ਸਮਾਈ ਪਾ ਕੇ ਭਾਵ ਨਿਜ ਭਾਵ ਵਿਖੇ ਲਿਵ ਲਗੌਂਦਾ ਲਗੌਂਦਾ ਪਰਮਾਤਮਾ ਵਿਖੇ ਪ੍ਰਵੇਸ ਪਾ ਜਾਇਆ ਅਭੇਦ ਹੋ ਜਾਇਆ ਕਰਦਾ ਹੈ। ਇਸੇ ਨੂੰ ਹੀ ਆਤਮਾ ਨੂੰ ਆਸਰੇ ਕਰਨ ਵਾਲਾ ਅਧਿਆਤਮ ਗਿਆਨ ਕਹਿੰਦੇ ਹਨ; ਅਰੁ ਇਸ ਦੇ ਧਿਆਨ ਅਨਭਉ ਵਿਚ ਜ੍ਯੋਂ ਕਾ ਤ੍ਯੋਂ ਆ ਜਾਣ ਕਰ ਕੇ ਸਮੂਹ ਰਿਧੀਆਂ ਸਿਧੀਆਂ ਅਰੁ ਨਿਧੀਆਂ ਗੋਲੀਆਂ ਬਣ ਜਾਇਆ ਕਰਦੀਆਂ ਹਨ।

ਜੀਵਨ ਮੁਕਤਿ ਜਗਜੀਵਨ ਜੁਗਤਿ ਜਾਨੀ ਸਲਿਲ ਕਮਲ ਗਤਿ ਮਾਇਆ ਮੈ ਉਦਾਸੀ ਹੈ ।੨੪੮।

ਸੋ ਜਿਨਾਂ ਐਸਿਆਂ ਗੁਰਮੁਖਾਂ ਨੇ ਜਗ ਜੀਵਨ ਪ੍ਰਮਾਤਮਾ ਨਾਲ ਇਉਂ ਜੁੜਨ ਦੀ ਜੁਗਤੀ ਜਾਨੀ ਜਾਣ ਲਈ ਹੈ; ਉਹ ਜੀਉਂਦੇ ਜੀ ਹੀ ਸਮੂਹ ਬੰਧਨਾਂ ਤੋਂ ਖਲਾਸ ਹੋ ਕੇ ਮਾਇਆ ਸੰਸਾਰੀ ਕਾਰ ਵਿਹਾਰ ਵਿਚ ਵਰਤਦੇ ਭੀ ਜਲ ਕਮਲ ਵਾਕੂੰ ਉਦਾਸੀ ਅਲੇਪ ਰਿਹਾ ਕਰਦੇ ਹਨ ॥੨੪੮॥


Flag Counter