ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 7


ਸੋਰਠਾ ।

ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ:

ਪੂਰਨ ਬ੍ਰਹਮ ਬਿਬੇਕ ਆਪਾ ਆਪ ਪ੍ਰਗਾਸ ਹੁਇ ।

ਆਪਾ ਜੀਵਤ ਭਾਵ = ਆਤਮੇ, ਦਾ ਵੀਚਾਰ ਨਿਰਣਾ ਕੀਤਿਆਂ, ਇਹ ਆਤਮਾ ਹੀ ਪੂਰਣ ਬ੍ਰਹਮ ਪਰਮਾਤਮਾ ਸਰੂਪ ਹੋ ਭਾਸਦਾ ਹੈ। *ਆਤਮ ਚੀਨਿ ਪਰਾਤਮ ਚੀਨਹੁ........*

ਨਾਮ ਦੋਇ ਪ੍ਰਭ ਏਕ ਗੁਰ ਗੋਬਿੰਦ ਬਖਾਨੀਐ ।੧।੭।

ਪ੍ਰਭੂ ਸਰਬ ਸ਼ਕਤੀਮਾਨ ਵਾਹਿਗੁਰੂ ਅਕਾਲ ਪੁਰਖ ਦੇ ਹੀ, ਇਹ ਆਤਮਾ ਪਰਾਤਮਾ ਕਰ ਕੇ ਦੋ ਨਾਮ ਕਹੇ ਜਾਂਦੇ ਹਨ, ਜਿਹਾ ਕਿ ਗੁਰੂ ਅਰੁ ਗੋਬਿੰਦ ਇਕ ਰੂਪ ਹੁੰਦੇ ਹੋਏ ਭੀ ਦੋ ਕਰ ਕੇ ਅੱਡੋ ਅੱਡ ਵਰਨਣ ਕੀਤੇ ਜਾਂਦੇ ਹਨ ॥੧੯॥

ਦੋਹਰਾ ।

ਨਾਮ ਮਾਤ੍ਰ ਤੋਂ ਹੀ ਜੀਵ ਈਸ਼ਵਰ ਦਾ ਵਖੇਵਾਂ ਦੂਰ ਤਕ ਦਿਖਲਾਇਆ:

ਆਪਾ ਆਪ ਪ੍ਰਗਾਸ ਹੋਇ ਪੂਰਨ ਬ੍ਰਹਮ ਬਿਬੇਕ ।

ਆਪੇ ਦਾ ਆਪੇ ਵਿਚ ਜਦ ਪ੍ਰਕਾਸ਼ (ਸਾਖ੍ਯਾਤਕਾਰ) ਹੋ ਆਵੇ ਭਾਵ ਆਤਮਾ ਵਿਖੇ ਆਪ ਰੂਪ ਇਸਥਿਤ ਹੋਇਆਂ ਜਿਸ ਸਮੇਂ ਆਪੇ ਦਾ ਆਪਾ ਜ੍ਯੋਂ ਕਾ ਤ੍ਯੋਂ ਅਪਣੇ ਵਾਸਤਵ ਸਰੂਪ ਵਿਖੇ ਪ੍ਰਗਟ ਹੋ ਆਵੇ, ਤਾਂ ਇਸੇ ਸਾਖ੍ਯਾਤਕਾਰਤਾ ਦ੍ਵਾਰੇ ਹੀ ਸਾਖ੍ਯਾਤ ਪੂਰਣ ਬ੍ਰਹਮ ਪਰਮਾਤਮਾ ਦਾ ਹੀ ਸੁਤੇ ਨਿਰਣਾ ਵੀਚਾਰ ਹੋ ਆਇਆ ਕਰਦਾ ਹੈ।

ਗੁਰ ਗੋਬਿੰਦ ਬਖਾਨੀਐ ਨਾਮ ਦੋਇ ਪ੍ਰਭ ਏਕ ।੨।੭।

ਆਹ 'ਗੁਰ' ਜੀਵ ਹੈ- 'ਬੋਲਨਹਾਰੁ ਪਰਮ ਗੁਰ ਏਹੀ ਗੁਰੂ ਪ੍ਰਮਾਣ ਅਨੁਸਾਰ, ਦੇਹ ਆਦਿਕ ਅਨਾਤਮ ਜੜ੍ਹ ਸੰਘਾਤ ਰੂਪ ਅੰਧਕਾਰ ਵਿਖੇ ਚਾਨਣਾ ਕਰਣਹਾਰ ਹੋਣ ਤੇ *ਸਭ ਮਹਿ ਜੋਤਿ ਜੋਤਿ ਹੈ ਸੋਇ। ਤਿਸਕੇ ਚਾਨਣ ਸਭ ਮਹਿ ਚਾਨਣ ਹੋਇ ॥* ਭਾਵ ਦੋਹਾਂ ਅੰਦਰ ਚੈਤੰਨ ਰੂਪ ਚਾਨਣਾ ਹੀ 'ਗੁਰ' ਮਹਾਨ ਵਸਤੂ ਹੈ ਜਿਸ ਨੂੰ ਜੀਵ ਆਤਮਾ ਕਰ ਕੇ ਆਖਿਆ ਜਾ ਰਿਹਾ ਹੈ ਤੇ ਆਹ 'ਗੋਬਿੰਦ' ਸ਼੍ਰਿਸ਼ਟੀ ਰੂਪ ਆਕਾਰ ਸਮੁਚ੍ਯ ਦੇ ਅੰਦਰ, ਭਾਵ ਰਚਨਾ ਮਾਤ੍ਰ ਵਿਖੇ ਅੰਤਰਯਾਮੀ ਰੂਪ ਹੋ ਕੇ ਬਿਰਾਜਮਾਨ, ਕਹੀਦਾ ਹੈ, ਅਰਥਾਤ ਜੀਵ ਅਰੁ ਗੋਬਿੰਦ ਈਸ਼ਵਰ ਕਰ ਕੇ ਜਿਨਾਂ ਦਾ ਵਰਨਣ ਹੋ ਰਿਹਾ ਹੈ, ਅਸਲ ਵਿਚ ਇਹ ਇਕ ਹੀ ਸ਼ਕਤੀਮਾਨ ਅਕਾਲ ਪੁਰਖ ਅੰਤਰਯਾਮੀ ਦੇ ਦੋ ਅੱਡ ਅੱਡ ਨਾਮ ਹਨ ॥੨੦॥

ਛੰਦ ।

ਓਹੀ ਬਾਰਤਾ ਮੁੜ:

ਨਾਮ ਦੋਇ ਪ੍ਰਭ ਏਕ ਟੇਕ ਗੁਰਮੁਖਿ ਠਹਰਾਈ ।

ਇਕੋ ਹੀ ਪ੍ਰਭੂ ਦੇ ਦੋ ਨਾਮ ਹਨ। ਗੁਰਮੁਖਾਂ ਨੇ ਏਹੀ ਟੇਕ- ਨਿਸਚਾ ਦ੍ਰਿੜ ਪ੍ਰਪੱਕ ਕਰ ਰਖਿਆ ਹੈ।

ਆਦਿ ਭਏ ਗੁਰ ਨਾਮ ਦੁਤੀਆ ਗੋਬਿੰਦ ਬਡਾਈ ।

ਕਿਉਂਕਿ ਗੁਰੂ ਹਰਿ ਗੋਬਿੰਦ ਸਾਹਿਬ ਨੇ ਗੁਰੂ ਨਾਮ ਆਦਿ ਵਿਚ ਪਹਿਲੇ ਹੋ ਕੇ ਦੂਸਰੇ ਦਰਜੇ ਉਪਰ ਗੋਬਿੰਦ ਨਾਮ ਦੀ ਬਡਾਈ ਮਹੱਤ ਨੂੰ ਪ੍ਰਗਟ ਕਰ ਕੇ ਇਹ ਸਿਖ੍ਯਾ ਸਾਨੂੰ ਨਿਸਚੇ ਕਰਾਈ ਹੈ।

ਹਰਿ ਗੁਰ ਹਰਿਗੋਬਿੰਦ ਰਚਨ ਰਚਿ ਥਾਪਿ ਓਥਾਪਨ ।

ਜਿਹਾ ਕਿ ਹਰਿ ਸਾਖ੍ਯਾਤ ਅੰਤਰਯਾਮੀ ਸਰੂਪ ਹੁੰਦਿਆਂ ਭੀ ਆਪ ਨੇ 'ਗੁਰੂ' ਅਗ੍ਯਾਨ ਅੰਧਕਾਰ ਨਾਸ਼ਕ ਮਨੁੱਖ ਬਣ ਕੇ ਹਰ ਇਕ ਵਿਚ ਵਸਨ ਵਾਲੇ ਤਥਾ ਸਮੂਹ ਸ੍ਰਿਸ਼ਟੀ ਦੇ ਜਾਨਣਹਾਰ ਵਾਲੀ ਰਚਨਾ ਰਚਕੇ ਅਰੁ ਥਾਪਨਾ ਉਥਾਪਨਾ ਕਰ ਕੇ-

ਪੂਰਨ ਬ੍ਰਹਮ ਬਿਬੇਕ ਪ੍ਰਗਟ ਹੁਇ ਆਪਾ ਆਪਨ ।੩।੭।

ਇਹ ਪਰਤੱਖ ਕਰ ਦਿਖਾਲਿਆ ਕਿ ਅਪਨਾ ਆਪਾ ਜਦ ਅਪਨੇ ਅਸਲੀ ਸਰੂਪ ਵਿਚ ਪ੍ਰਗਟ ਉਘਾ ਹੋ ਆਵੇ ਤਾਂ ਦਾ ਹੀ ਪੂਰਣ ਬ੍ਰਹਮ ਸਰੂਪੀ ਗਿਆਨ ਹੋਇਆ ਕਰਦਾ ਹੈ ॥੨੧॥


Flag Counter