ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 90


ਗੁਰਮੁਖਿ ਆਪਾ ਖੋਇ ਜੀਵਨ ਮੁਕਤਿ ਗਤਿ ਬਿਸਮ ਬਿਦੇਹ ਗੇਹ ਸਮਤ ਸੁਭਾਉ ਹੈ ।

ਗੁਰਮੁਖ ਆਪਾ ਖੋਇ ਗੁਰਮੁਖ ਆਪੇ ਭਾਵ ਰੂਪ ਦੇਹ ਅਧ੍ਯਾਸ ਨੂੰ ਗੁਵਾ ਕੇ ਜੀਵਨ ਮੁਕਤ ਗਤਿ ਜੀਵਨ ਮੁਕਤੀ ਵਾਲੀ ਦਸ਼ਾ ਨੂੰ ਪ੍ਰਾਪਤ ਹੋ ਜਾਂਦਾ ਹੈ, ਅਰਥਾਤ ਗੇਹ ਦੇਹ ਰੂਪ ਘਰ ਵਿਚ ਵੱਸਦਾ ਹੋਯਾ ਹੀ ਬਿਸਮ ਬਿਦੇਹ ਅਸਚਰਜ ਕਰ ਦੇਣ ਵਾਲੀ ਸਰੀਰਿਕ ਅਸੰਗਤਾ ਨੂੰ ਅਨਭਉ ਕਰਨ ਲਗ ਜਾਂਦਾ ਹੈ ਭਾਵ ਸਾਖ੍ਯਾਤ ਆਪਣੇ ਆਪੇ ਆਤਮਾ ਨੂੰ ਸਰੀਰ ਨਾਲੋਂ ਨ੍ਯਾਰਾ ਦੇਖਨ ਲਗ ਪੈਂਦਾ ਹੈ ਤੇ ਇਸੇ ਕਰ ਕੇ ਹੀ ਉਸ ਦਾ ਸੁਭਾਉ ਭੀ ਸਮਤ ਸਮਤਾ ਵਾਲਾ ਬਣਾ ਜਾਯਾ ਕਰਦਾ ਹੈ। ਕ੍ਯੋਂਕਿ ਸਭ ਨੂੰ ਹੀ ਇਸੇ ਰੰਗ ਵਿਚ ਸਰੀਰ ਆਤਮੇ ਦੀ ਅਸੰਗਤਾ ਸਹਿਤ ਦੇਖਨ ਕਰ ਕੇ ਹੁਣ ਸਾਰੀਰਿਕ ਵਿਖਮਤਾ ਓਸ ਨੂੰ ਨਹੀਂ ਪੋਹ ਸਕਿਆ ਕਰਦੀ।

ਜਨਮ ਮਰਨ ਸਮ ਨਰਕ ਸੁਰਗ ਅਰੁ ਪੁੰਨ ਪਾਪ ਸੰਪਤਿ ਬਿਪਤਿ ਚਿੰਤਾ ਚਾਉ ਹੈ ।

ਏਸੇ ਕਾਰਣ ਕਰ ਕੇ ਹੀ ਸੂਥਲ ਦੇਹ ਦੇ ਜਨਮ ਮਰਣ ਆਦਿ ਬਾਬਤ ਓਸ ਨੂੰ ਹੁਣ ਫੁਰਣਾ ਨਹੀਂ ਹੋ ਸਕਦਾ, ਤੇ ਐਸਾ ਹੀ ਇਸ ਸਰੀਰ ਦੇ ਸਦੀਵ ਕਾਲ ਲਈ ਨਾਸ ਹੋ ਜਾਣ ਮੌਤ ਉਪ੍ਰੰਤ ਨਰਕ ਸੁਰਗ ਵਾਲੀ ਸੂਖਮ ਸਰੀਰ ਦੀ ਗਤੀ ਦਾ ਭੀ ਅੰਦਰ ਵੀਚਾਰ ਨਹੀਂ ਉਪਜਦਾ ਕ੍ਯੋਂਕਿ ਪੁੰਨ ਪਾਪ ਮਈ ਪ੍ਰਵਿਰਤੀ ਦਾ ਕਾਰਣ ਮਨ ਜੋ ਸੀ, ਸੋ ਤਾਂ ਓਸ ਦਾ ਬਿਲੈ ਵਿਨਾਸ ਨੂੰ ਪ੍ਰਾਪਤ ਹੋ ਗਿਆ ਹੁੰਦਾ ਹੈ। ਅਰੁ ਏਸੇ ਕਰ ਕੇ ਹੀ ਸੰਪਦਾ ਬਿਪਤਾ ਭੀ ਓਸ ਨੂੰ ਅਗੇ ਲਈ ਚਿੰਤਾ ਸੋਗ ਤੇ ਚਾਉ ਹਰਖ ਸੋਗ ਹਰਖਵਾਨ ਨਹੀਂ ਬਣਾ ਸਕਦੇ।

ਬਨ ਗ੍ਰਹ ਜੋਗ ਭੋਗ ਲੋਗ ਬੇਦ ਗਿਆਨ ਧਿਆਨ ਸੁਖ ਦੁਖ ਸੋਗਾਨੰਦ ਮਿਤ੍ਰ ਸਤ੍ਰ ਤਾਉ ਹੈ ।

ਬਨ ਜੰਗਲ ਵਿਚ ਵਸਦਾ ਹੋਵੇ, ਚਾਹੇ ਗ੍ਰਿਹ ਘਰ ਵਿਚ ਜੋਗ ਕਰਦਿਆਂ ਸਾਧਦਿਆਂ ਸਮਾਂ ਲੰਘ ਰਿਹਾ ਹੋਵੇ, ਅਥਵਾ ਭੋਗ ਸੰਸਾਰ ਦਿਆਂ ਪਦਾਰਥਾਂ ਵਿਖੇ ਵਰਤਦਿਆਂ ਸਭ ਹਾਲਤਾਂ ਵਿਚ ਹੀ ਬੇਦਾਂ ਅਨੁਸਾਰ ਕਰਮ ਕਰਦਿਆਂ ਵਾ ਲੋਕ ਲੋਕਾਚਾਰੀ ਰੀਤਾਂ ਰਮਸਾਂ ਨੂੰ ਪਾਲਦਿਆਂ ਗ੍ਯਾਨ ਧ੍ਯਾਨ ਵਿਖੇ ਤਥਾ ਦੁਖ ਸੁਖ ਅਰੁ ਸੋਗ ਆਨੰਦ ਅਤੇ ਮਿਤ੍ਰ ਸਤ੍ਰਤਾਉ ਮਿਤ੍ਰੁ+ ਸਤ੍ਰਤਾ + ਅਉ ਔਰ ਮਿਤ੍ਰ ਭਾਈ ਸਤ੍ਰਤਾਈ ਰੂਪ ਇਨਾਂ ਸਮੂੰਹ ਦ੍ਵੰਦ੍ਵਾਂ ਭਾਵ ਉਪਰੋ ਥਲੀ ਵਰਤਨ ਵਾਲੀਆਂ ਸੰਸਾਰੀ ਦਸ਼ਾਂ ਵਿਚ ਇਕ ਸਮਾਨ ਹੀ ਸੁਭਾ ਧਾਰੀ ਰਖਿਆ ਕਰਦਾ ਹੈ।

ਲੋਸਟ ਕਨਿਕ ਬਿਖੁ ਅੰਮ੍ਰਿਤ ਅਗਨ ਜਲ ਸਹਜ ਸਮਾਧਿ ਉਨਮਨ ਅਨੁਰਾਉ ਹੈ ।੯੦।

ਇਞੇਂ ਹੀ ਲੋਹੇ ਸੋਨੇ ਦੀ ਵਾ ਲੋਸ੍ਟ ਮਿਟੀ ਦੇ ਢੇਲੇ ਯਾ ਸੋਨੇ ਦੀ ਪ੍ਰਾਪਤੀ ਵਿਖੇ, ਅਰੁ ਐਸਾ ਹੀ ਵਿਹੁ ਤੇ ਅੰਮ੍ਰਿਤ ਦੇ ਪਿਆਏ ਜਾ ਰਿਹਾਂ, ਤਥਾ ਅਗ ਵਿਚ ਸੜਦਿਆਂ ਵਾ ਜਲ ਵਿਚ ਡੁਬੀਂਦਿਆਂ ਯਥਾ ਲਾਭ ਸੰਤੁਸ਼੍ਟ ਪ੍ਰਸੰਨ ਦਸ਼ਾ ਨੂੰ ਪ੍ਰਾਪਤ ਹੋਇਆ ਹੋਇਆ ਸਹਜ ਸਮਾਧੀ ਰੂਪ ਸਹਜੇ ਹੀ ਟਿਕਾਉ ਵਿਚ ਟਿਕ ਰਹਿਣ ਦੀ ਉਨਮਨ ਮਸਤਾਨਗੀ ਦਾ ਅਨੁਰਾਉ ਅਨੁਰਾਗ ਪ੍ਰੇਮ ਚਾਉ ਓਸ ਨੂੰ ਲਗਾ ਰਹਿੰਦਾ ਹੈ ॥੯੦॥


Flag Counter