ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 476


ਬੀਜ ਬੋਇ ਕਾਲਰ ਮੈ ਨਿਪਜੈ ਨ ਧਾਨ ਪਾਨ ਮੂਲ ਖੋਇ ਰੋਵੈ ਪੁਨ ਰਾਜੁ ਡੰਡ ਲਾਗਈ ।

ਕੱਲਰ ਵਿਚ ਬੀ ਬੀਜਿਆਂ ਧਾਨ ਅੰਨ ਦਾ ਪੱਤਾ ਮਾਤ੍ਰ ਭੀ ਉਤਪੰਨ ਨਹੀਂ ਹੁੰਦਾ, ਸਗੋਂ ਮੂਲ ਮੂੜੀ ਨੂੰ ਗੁਵਾ ਕੇ ਰੋਣਾ ਪੈਂਦਾ ਹੈ ਤੇ ਨਾਲ ਹੀ ਰਾਜ ਡੰਡ ਭੀ ਲਗਦਾ ਹੈ ਅਰਥਾਤ ਮਾਮਲਾ ਸ੍ਰਕਾਰ ਦਾ ਭਰਣਾ ਪੈ ਜਾਂਦਾ ਹੈ।

ਸਲਿਲ ਬਿਲੋਏ ਜੈਸੇ ਨਿਕਸਤ ਨਾਹਿ ਘ੍ਰਿਤਿ ਮਟੁਕੀ ਮਥਨੀਆ ਹੂ ਫੇਰਿ ਤੋਰਿ ਭਾਗਈ ।

ਜਿਸ ਤਰ੍ਹਾਂ ਪਾਣੀ ਦੇ ਰਿੜਕਿਆਂ ਘਿਓ ਮੱਖਣ ਤਾਂ ਨਿਕਲਦਾ ਨਹੀਂ, ਸਗੋਂ ਮਟਕੀ ਚਾਟੀ ਮਧਾਣੀ ਨੂੰ ਤੋੜ ਫੜ ਕੇ ਨੱਠਨਾ ਹੀ ਪਿਆ ਕਰਦਾ ਹੈ।

ਭੂਤਨ ਪੈ ਪੂਤ ਮਾਗੈ ਹੋਤ ਨ ਸਪੂਤੀ ਕੋਊ ਜੀਅ ਕੋ ਪਰਤ ਸੰਸੋ ਤਿਆਗੇ ਹੂ ਨ ਤਿਆਗਈ ।

ਜਿਸ ਤਰ੍ਹਾਂ ਭੂਤਾਂ ਪ੍ਰੇਤਾਂ ਪਾਸੋਂ ਪੁੱਤ ਮੰਗ੍ਯਾਂ ਕੋਊ ਸੁਪੁੱਤੀ ਤਾਂ ਹੋ ਨਹੀਂ ਜਾਂਦੀ ਸਗੋਂ ਜੀਅ ਜਾਨ ਦਾ ਸੰਸਾ ਪੈ ਜਾਂਦਾ ਹੈ ਤੇ ਆਪ ਤ੍ਯਾਗ੍ਯਾਂ ਭੀ ਉਹ ਭੂਤ ਨਹੀਂ ਤ੍ਯਾਗ੍ਯਾ ਕਰਦੇ।

ਬਿਨੁ ਗੁਰਦੇਵ ਆਨ ਸੇਵ ਦੁਖਦਾਇਕ ਹੈ ਲੋਕ ਪਰਲੋਕ ਸੋਕਿ ਜਾਹਿ ਅਨਰਾਗਈ ।੪੭੬।

ਇਸੇ ਤਰ੍ਹਾਂ ਜਿਸ ਕਿਸੇ ਨੂੰ ਬਿਨਾਂ ਗੁਰੂ ਦੇਵ ਅਰਾਧਨ ਦੇ ਹੋਰ ਦੇਵਤਿਆਂ ਦੀ ਸੇਵਾ ਪ੍ਯਾਰੀ ਲਗਦੀ ਰੁਚਦੀ ਹੈ, ਉਹ ਲੋਕ ਪ੍ਰਲੋਕ ਅੰਦਰ ਜੀਉਂਦੇ ਮਰਦੇ ਸ਼ੋਕ ਨੂੰ ਹੀ ਪ੍ਰਾਪਤ ਹੁੰਦੇ ਹਨ, ਕ੍ਯੋਂਕਿ ਇਹ ਸੇਵਾ ਸਭ ਪ੍ਰਕਾਰ ਦੀ ਦੁਖਾਂ ਦੇ ਦੇਣ ਹਾਰੀ ਹੈ ॥੪੭੬॥


Flag Counter