ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 585


ਜੈਸੇ ਲਾਖ ਕੋਰਿ ਲਿਖਤ ਨ ਕਨ ਭਾਰ ਲਾਗੈ ਜਾਨਤ ਸੁ ਸ੍ਰਮ ਹੋਇ ਜਾ ਕੈ ਗਨ ਰਾਖੀਐ ।

ਜਿਵੇਂ ਕਾਗਜ਼ ਉਤੇ ਲੱਖਾਂ ਕ੍ਰੋੜਾਂ ਦੀ ਰਕਮ ਲਿਖਕੇ ਚੁੱਕੀਏ ਤਾਂਉਸਦਾ ਜ਼ਰਾ ਜਿੰਨਾਂ ਭੀ ਭਾਰ ਨਹੀਂ ਲੱਗਦਾ, ਪਰ ਜਿਸ ਦੇ ਸਿਰ ਵੱਡੀ ਰਕਮ ਗਿਣਕੇ ਰੱਖ ਦੇਈਏ, ਉਸ ਨੂੰ ਪਤਾ ਲਗਦਾ ਹੈ ਕਿ ਕਿੰਨੀ ਕੁ ਖੇਚਲ ਹੁੰਦੀ ਹੈ ਭਾਵ ਇਹ ਉਹੀ ਜਾਣਦਾ ਹੈ।

ਅੰਮ੍ਰਿਤ ਅੰਮ੍ਰਿਤ ਕਹੈ ਪਾਈਐ ਨ ਅਮਰ ਪਦ ਜੌ ਲੌ ਜਿਹ੍ਵਾ ਕੈ ਸੁਰਸ ਅੰਮ੍ਰਿਤ ਨ ਚਾਖੀਐ ।

ਜਿਵੇਂ ਅੰਮ੍ਰਿਤ ਅੰਮ੍ਰਿਤ ਆਖਿਆਂ ਅਮਰ ਪਦ ਨਹੀਂ ਪਾਇਆਂ ਜਾਂਦਾ, ਜਦ ਤਕ ਰਸਨਾ ਨਾਲ ਅੰਮ੍ਰਿਤ ਦਾ ਸ੍ਰੇਸ਼ਟ ਰਸ ਨਾ ਚੱਖੀਏ।

ਬੰਦੀ ਜਨ ਕੀ ਅਸੀਸ ਭੂਪਤਿ ਨ ਹੋਇ ਕੋਊ ਸਿੰਘਾਸਨ ਬੈਠੇ ਜੈਸੇ ਚਕ੍ਰਵੈ ਨ ਭਾਖੀਐ ।

ਜਿਵੇਂ ਕਿਸੇ ਭੱਟ ਦੀ ਅਸੀਸ ਨਾਲ ਕੋਈ ਰਾਜਾ ਨਹੀਂ ਬਣ ਸਕਦਾ, ਜਦ ਤਕ ਕਿ ਰਾਜ ਗੱਦੀ ਤੇ ਬੈਠਕੇ ਕੋਈ ਚਕ੍ਰਵਰਤੀ ਰਾਜਾ ਨਹੀਂ ਕਹਾਉਂਦਾ।

ਤੈਸੇ ਲਿਖੇ ਸੁਨੇ ਕਹੇ ਪਾਈਐ ਨਾ ਗੁਰਮਤਿ ਜੌ ਲੌ ਗੁਰ ਸਬਦ ਕੀ ਸੁਜੁਕਤ ਨ ਲਾਖੀਐ ।੫੮੫।

ਤਿਵੇਂ ਲਿਖਣ, ਸੁਣਨ ਤੇਕਹਿਣ ਨਾਲ ਗੁਰੂ ਦੀ ਮਤ ਨਹੀਂ ਪਾਈ ਜਾ ਸਕਦੀ, ਜਦਤਕ ਕਿ ਗੁਰੂ ਸ਼ਬਦ ਦੀ ਕਮਾਈ ਦੀ ਸੋਹਣੀ ਜੁਗਤੀ ਨਾ ਲਖ ਲਈਏ ॥੫੮੫॥