ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 82


ਸਤਿਗੁਰ ਦਰਸ ਧਿਆਨ ਗਿਆਨ ਅੰਜਮ ਕੈ ਮਿਤ੍ਰ ਸਤ੍ਰਤਾ ਨਿਵਾਰੀ ਪੂਰਨ ਬ੍ਰਹਮ ਹੈ ।

ਸਤਿਗੁਰਾਂ ਦੇ ਦਰਸ਼ਨ ਦਾ ਧਿਆਨ ਧਾਰਦਿਆਂ ਹੋਇਆਂ ਜਿਨਾਂ ਦੀ ਬੁਧੀ ਰੂਪ ਦ੍ਰਿਸ਼ਟੀ ਵਿਖੇ ਗਿਆਨ ਅੰਜਨ ਆਤਮਿਕ ਸੋਝੀ ਦਾ ਸੁਰਮਾ ਪੈ ਗਿਆ ਹੈ, ਓਨਾਂ ਨੇ ਮਿਤ੍ਰ ਵਿਖੇ ਮਿਤ੍ਰਾਨਾ ਪਣਾ ਤੇ ਸ਼ਤ੍ਰੂ ਵਿਖੇ ਸਤ੍ਰਤਾ ਸ਼ਤ੍ਰੂਪੁਣਾ ਵੈਰੀਭਾਵ ਨਿਵਾਰਣ ਕਰ ਕੇ ਪੂਰਨ ਬ੍ਰਹਮ ਹੀ ਸਭ ਵਿਖੇ ਰਮਿਆ ਹੋਇਆ ਤਕਿਆ ਹੈ।

ਗੁਰ ਉਪਦੇਸ ਪਰਵੇਸ ਆਦਿ ਕਉ ਆਦੇਸ ਉਸਤਤਿ ਨਿੰਦਾ ਮੇਟਿ ਗੰਮਿਤਾ ਅਗਮ ਹੈ ।

ਜਿਨਾਂ ਦੀ ਸੁਰਤ ਨੇ ਗੁਰ ਉਪਦੇਸ਼ ਗੁਰਮੰਤ੍ਰ ਵਿਖੇ ਪਰਵੇਸ਼ ਸਮਾਈ ਪਰਚਾ ਪਾ ਕੇ ਆਦਿ ਕਉ ਅਦੇਸ ਆਦਿ ਪੁਰਖ ਨੂੰ ਨਮਸਕਾਰ ਬਦਨਾ ਬੰਦਗੀ ਕੀਤੀ ਹੈ, ਉਨ੍ਹਾਂ ਨੇ ਦੂਸਰਿਆਂ ਦੀ ਉਸਤਤਿ ਨਿੰਦਿਆ ਕਰਨ ਦੀ ਅਥ੍ਵ ਦੂਸਰਿਆਂ ਦ੍ਵਾਰੇ ਕੀਤੀ ਜਾ ਰਹੀ ਉਸਤਤਿ ਨਿੰਦਾ ਸੁਨਣ ਦੀ ਵਾਦੀ ਨੂੰ ਮੇਟ ਕੇ ਅਗੰਮ ਮਨ ਬੁਧੀ ਤੋਂ ਅਗੋਚਰ ਸਰੂਪ ਦੀ ਗੰਮਤਾ ਪਹੁੰਚ ਸੋਝੀ ਪ੍ਰਾਪਤ ਕਰ ਲਈ ਹੈ।

ਚਰਨ ਸਰਨਿ ਗਹੇ ਧਾਵਤ ਬਰਜਿ ਰਾਖੇ ਆਸਾ ਮਨਸਾ ਥਕਤ ਸਫਲ ਜਨਮ ਹੈ ।

ਜਿਨ੍ਹਾਂ ਨੇ ਸਤਿਗੁਰਾਂ ਦੇ ਚਰਣਾਂ ਦੀ ਸਰਣ ਗਹੇ ਗ੍ਰਹਣ ਕੀਤੀ ਹੈ। ਉਨ੍ਹਾਂ ਨੇ ਮਨ ਔਰ ਇੰਦ੍ਰੀਆਂ ਨੂੰ ਵਿਖਿਆਂ ਵੱਲ ਧਾਵਤ ਭਟਕਦਿਆਂ, ਬਰਜ ਰਾਖੇ ਹੋੜ ਰਖ੍ਯਾ ਹੈ। ਅਤੇ ਆਸਾ ਉਮੇਦਾਂ ਭੋਗਾਂ ਪਦਾਰਥਾਂ ਦੀਆਂ ਤਥਾ ਮਨਸਾ ਕਾਮਨਾਂ ਕਲਪਨਾ ਭੀ ਓਨਾਂ ਦੀਆਂ ਥਕਿਤ ਹੋ ਹੁੱਟ ਜਾਂਦੀਆਂ ਹਨ ਅੁ ਇਉਂ ਓਨਾ ਦਾ ਜਨਮ ਸਫਲਾ ਹੋ ਜਾਂਦਾ ਸੌਰ ਜਾਂਦਾ ਹੈ।

ਸਾਧੁ ਸੰਗਿ ਪ੍ਰੇਮ ਨੇਮ ਜੀਵਨ ਮੁਕਤਿ ਗਤਿ ਕਾਮ ਨਿਹਕਾਮ ਨਿਹਕਰਮ ਕਰਮ ਹੈ ।੮੨।

ਇਸ ਪ੍ਰਕਾਰ ਸਤਿਗੁਰਾਂ ਦੀ ਸਾਧ ਸੰਗਤਿ ਸਤਸੰਗ ਦੇ ਪ੍ਰੇਮ ਦਾ ਨੇਮ ਪਾਲਣ ਕਰਦਿਆਂ ਜੀਵਨ ਮੁਕਤੀ ਵਾਲੀ ਗਤੀ ਦਸ਼ਾ ਅਵਸਥਾ ਪ੍ਰਾਪਤ ਹੋ ਔਂਦੀ ਤੇ ਗੁਰਮੁਖ ਕਾਮਨਾ ਵੱਲੋਂ ਨਿਹਕਾਮ ਨਿਸ਼ਕਾਮ ਕਾਮਨਾ ਰਹਤ ਤਥਾ ਕਰਮਾਂ ਵੱਲੋਂ ਨਿਹਕਰਮ ਕਰਮ ਕੰਮ ਕਾਰ ਕਰਦਿਆਂ ਭੀ ਕਰਮ ਭੌਣੀ ਵਾ ਕਰਮਾਂ ਦੇ ਅਭਿਮਾਨ ਤੋਂ ਰਹਤ ਹੋ ਜਾਇਆ ਕਰਦੇ ਹਨ ॥੮੨॥


Flag Counter