ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 651


ਕੋਟਨ ਕੋਟਾਨਿ ਸੁਖ ਪੁਜੈ ਨ ਸਮਾਨਿ ਸੁਖ ਆਨੰਦ ਕੋਟਾਨਿ ਤੁਲ ਆਨੰਦ ਨ ਆਵਹੀ ।

ਕ੍ਰੋੜਾਂ ਕ੍ਰੋੜ ਸੁਖ ਉਸ ਸੁਖ ਦੇ ਬਰਾਬਰ ਨਹੀਂ ਪੁੱਜਦੇ; ਕ੍ਰੋੜਾਂ ਅਨੰਦ ਉਸ ਆਨੰਦ ਦੇ ਬਰਾਬਰ ਨਹੀਂ ਆ ਸਕਦੇ।

ਸਹਜਿ ਕੋਟਾਨਿ ਕੋਟਿ ਪੁਜੈ ਨ ਸਹਜ ਸਰ ਮੰਗਲ ਕੋਟਾਨਿ ਸਮ ਮੰਗਲ ਨ ਪਾਵਹੀ ।

ਕ੍ਰੋੜਾਂ ਕ੍ਰੋੜ ਗਿਆਨ ਉਸ ਗਿਆਨ ਦੇ ਬਰਾਬਰ ਨਹੀਂ ਪੁਜਦੇ; ਤੇ ਕ੍ਰੋੜਾਂ ਮੰਗਲ ਉਸ ਦੀ ਸਮਤਾ ਨਹੀਂਪਾ ਸਕਦੇ।

ਕੋਟਨ ਕੋਟਾਨ ਪਰਤਾਪ ਨ ਪ੍ਰਤਾਪ ਸਰ ਕੋਟਨ ਕੋਟਾਨ ਛਬਿ ਛਬਿ ਨ ਪੁਜਾਵਹੀ ।

ਕ੍ਰੋੜਾਂ ਕ੍ਰੋੜ ਪਰਤਾਪ ਉਸ ਦੇ ਪਰਤਾਪ ਦੇ ਬਰਾਬਰ ਨਹੀਂ ਹੋ ਸਕਦੇ, ਕ੍ਰੋੜਾਂ ਕ੍ਰੋੜ ਸਜਾਵਟਾਂ ਉਸ ਦੀ ਛਬੀ ਨੂੰ ਨਹੀਂ ਪਹੁੰਚ ਸਕਦੀਆਂ।

ਅਰਥ ਧਰਮ ਕਾਮ ਮੋਖ ਕੋਟਨਿ ਹੀ ਸਮ ਨਾਹਿ ਅਉਸਰ ਅਭੀਚ ਨਾਹ ਸਿਹਜ ਬੁਲਾਵਹੀ ।੬੫੧।

ਧਰਮ;ਅਰਥ; ਕਾਮ; ਮੋਖ ਕ੍ਰੋੜਾਂ ਹੀ ਉਸ ਦੇ ਬਰਾਬਰ ਨਹੀਂ ਤੇ ਨਾ ਹੀ ਅਭਿਜਿਤ ਨਛੱਤ੍ਰ ਦਾ ਅਉਸਰ ਉਸ ਦੇ ਬਰਾਬਰ ਹੋ ਸਕਦਾ ਹੈ ਜਦੋਂ ਕਿ ਜਗਿਆਸੂ ਰੂਪ ਇਸਤ੍ਰੀ ਨੂੰ ਪਰਮੇਸ਼ਰ ਰੂਪ ਪਤੀ ਸਿਹਜਾ ਤੇ ਬੁਲਾਉਂਦਾ ਹੈ, ਭਾਵ ਸਰੂਪ ਵਿਚ ਵਾਸਾ ਬਖਸ਼ਦਾ ਹੈ ॥੬੫੧॥