ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 61


ਸਬਦ ਸੁਰਤਿ ਲਿਵ ਧਾਵਤ ਬਰਜਿ ਰਾਖੇ ਨਿਹਚਲ ਮਤਿ ਮਨ ਉਨਮਨ ਭੀਨ ਹੈ ।

ਸ੍ਵਾਸ ਸ੍ਵਾਸ ਸ਼ਬਦ ਅਭ੍ਯਾਸ ਵਿਖੇ ਸੁਰਤ ਦੀ ਲਿਵ ਲਗਦਿਆਂ ਵਾ ਸ਼ਬਦ ਅਨਹਦ ਨਾਦ ਦੀ ਅਗੰਮੀ ਧੁਨੀ ਨੂੰ ਸੁਰਤਿ ਸੁਨਣ ਵਿਖੇ ਲਿਵ ਤਾਰ ਬੰਨਦਿਆਂ ਮਨ ਜਿਧਰ ਜਿਧਰ ਸੰਕਲਪ ਉਠੌਂਦਾ ਧਾਵਤ ਦੌੜਦਾ ਹੋਵੇ ਓਧਰੋਂ ਓਧਰੋਂ ਹੀ ਬਰਜ ਰਾਖੈ ਮੋੜ ਮੋੜਕੇ ਰਖਦਾ ਹੈ। ਇਉਂ ਨਿਹਚਲ ਅਚੱਲ ਅਡੋਲ ਹੋਈ ਹੋਈ ਮਤਿ ਨਿਸਚਾ ਕਾਰਿਣੀ ਸਕਤੀ ਵਾ ਬਿਰਤੀ ਮਨ ਦੀ ਉਨਮਨ ਮਗਨਾਨੀ ਦਸ਼ਾ ਵਿਖੇ ਭੀਨ ਹੈ ਭਿਜ ਜਾਂਦੀ ਪਰਚ ਜਾਂਦੀ ਹੈ। ਅਥਵਾ ਸਿੱਖੀ ਹੋਈ ਮਤਿ ਵਿਖੇ ਮਨ ਅਡੋਲ ਰਹਿ ਕੇ ਉਨਮਨੀ ਭਾਵ ਵਿਖੇ ਭਿਜ੍ਯਾ ਰਚਿਆ ਰੁਝਿਆ ਰਹਿੰਦਾ ਹੈ।

ਸਾਗਰ ਲਹਰਿ ਗਤਿ ਆਤਮ ਤਰੰਗ ਰੰਗ ਪਰਮੁਦਭੁਤ ਪਰਮਾਰਥ ਪ੍ਰਬੀਨ ਹੈ ।

ਜਿਸ ਤਰ੍ਹਾਂ ਸਾਗਰ ਸਮੁੰਦ੍ਰ ਵਿਖੇ ਲਹਿਰਾਂ ਦੀ ਗਤਿ ਚੇਸ਼ਟਾ ਅਨੇਕ ਪ੍ਰਕਾਰ ਦੀ ਹੁੰਦੀ ਹੋਈ ਭੀ ਇਕ ਸਮੁੰਦ੍ਰ ਮਈ ਹੀ ਹੁੰਦੀ ਹੈ ਇਸੀ ਪ੍ਰਕਾਰ ਆਤਮ ਤਰੰਗ ਰੰਗ ਆਤਮਾ ਵਿਖੇ ਰੰਗਾਂ ਰੰਗਾਂ ਦੀਆਂ ਤਰੰਗਾਂ ਮਨੋ ਬਿਰਤੀਆਂ ਵਾ ਸੰਕਲਪ ਰੂਪਾਂ ਦੀਆਂ ਚੇਸ਼ਟਾਂ ਕਲੋਲਾਂ ਅਥਵਾ ਨਾਨਾ ਆਤਮਾ ਸਰੂਪੀ ਭਾਵਨਾ ਨੂੰ ਪਰਮ ਅਦਭੁਤ ਅਤ੍ਯੰਤ ਅਸਰਜ ਮਈ ਪ੍ਰਮਾਰਥ ਸਰੂਪ ਪਰਮਾਤਮਾ ਹੀ ਪ੍ਰਬੀਨ ਪਰ+ਬੀਨ = ਵਿਸ਼ੇਸ਼ ਕਰ ਕੇ ਤਕਦਾ ਹੈ ਭਾਵ ਅਨੰਤ ਪ੍ਰਕਾਰ ਦੀ ਰਚਨਾ ਵਿਖੇ ਉਸ ਨੂੰ ਇਕ ਮਾਤ੍ਰ ਵਾਹਗੁਰੂ ਦਾ ਪ੍ਰਕਾਸ਼ ਹੀ ਕਲੋਲ ਕਰਦਾ ਦਿਖਾਈ ਦਿਆ ਕਰਦਾ ਹੈ।

ਗੁਰ ਉਪਦੇਸ ਨਿਰਮੋਲਕ ਰਤਨ ਧਨ ਪਰਮ ਨਿਧਾਨ ਗੁਰ ਗਿਆਨ ਲਿਵ ਲੀਨ ਹੈ ।

ਬੱਸ ਗੁਰ ਉਪਦੇਸ਼ ਰੂਪ ਅਮੋਲਕ ਰਤਨ ਧਨ ਨੂੰ ਪ੍ਰਾਪਤ ਹੋਇਆ ਉਸ ਦੇ ਪ੍ਰਭਾਵ ਕਰ ਕੇ ਪ੍ਰਾਪਤ ਹੋਣਹਾਰੇ ਪਰਮ ਨਿਧਾਨ ਮਹਾਨ ਤੋਂ ਮਹਾਨ ਭੰਡਾਰ ਬਰਕਤਾਂ ਦੇ ਖਜ਼ਾਨੇ ਰੂਪ ਗੁਰੂ ਗਿਆਨ ਦਾ ਮਾਨੋ ਮਾਲਕ ਬਣ ਕੇ ਉਹ ਲਿਵ ਲੀਨ ਮਗਨ ਬੇਪ੍ਰਵਾਹ ਅਚਾਹ ਰਹਿੰਦਾ ਹੈ। ਭਾਵ ਓਸ ਨੂੰ ਕੋਈ ਲੋੜ ਯਾ ਥੋੜ ਵਾਪਰ ਕੇ ਬਾਹਰ ਮੁਖ ਨਹੀਂ ਬਣਾ ਸੱਕਿਆ ਕਰਦੀ।

ਸਬਦ ਸੁਰਤਿ ਲਿਵ ਗੁਰ ਸਿਖ ਸੰਧਿ ਮਿਲੇ ਸੋਹੰ ਹੰਸੋ ਏਕਾ ਮੇਕ ਆਪਾ ਆਪੁ ਚੀਨ ਹੈ ।੬੧।

ਸਾਰ ਸਿਧਾਂਤ ਇਹ ਕਿ ਸ਼ਬਦ ਵਿਖੇ ਸੁਰਤ ਦੀ ਉਪ੍ਰੋਕਤ ਰੀਤੀ ਨਾਲ ਲਿਵ ਲੱਗਿਆਂ, ਗੁਰੂ ਪਰਮਾਤਮਾ ਅਰੁ ਸਿੱਖ ਆਤਮਾ ਦੀ ਸੰਧਿ ਜੋੜੀ ਮਿਲੇ ਇਕੋ ਰੂਪ ਹੋ ਜਾਂਦੀ ਹੈ ਤੇ ਏਸ ਮਿਲਾਪ ਦੀ ਅਵਸਥਾ ਵਿਖੇ ਇਸ ਨੂੰ ਐਉਂ ਸਾਮਰਤਖ ਇੱਕ ਅਕਾਲ ਸਰੂਪ ਵਿਖੇ ਮਿੱਕ ਮਿਲੇ ਹੋਏ ਆਪ ਹੀ ਆਪ ਦੀ ਚੀਨ ਚਿਨਾਰ = ਪਛਾਣ ਹੁੰਦੀ ਹੈ ਜਿਸ ਨੂੰ ਨਿਰਭਉ ਕਹਉ ਸੋਇ ਹਾਂ ਗੁਰ ਉਪਦੇਸਿਆ ਮੇਰੇ ਮਨਾ' ਗੁਰ ਪ੍ਰਮਾਣ ਅਨੁਸਾਰ ਇਸ ਭਾਂਤ ਅਨਭਉ ਦ੍ਵਾਰੇ ਪ੍ਰਗਟ ਕਰਦਾ ਹੈ ਕਿ ਸੋਹੰ ਓਹੋ ਹੀ ਮੈਂ ਆਤਮਾ ਹਾਂ, ਅਰੁ ਹੰਸੋ ਮੈਂ ਆਤਮਾ ਸ ਉਹ ਹੈ ॥੬੧॥


Flag Counter