ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 254


ਗੁਰਮੁਖਿ ਸਬਦ ਸੁਰਤਿ ਸਾਧਸੰਗਿ ਮਿਲਿ ਪੂਰਨ ਬ੍ਰਹਮ ਪ੍ਰੇਮ ਭਗਤਿ ਬਿਬੇਕ ਹੈ ।

ਗੁਰੂ ਮਹਾਰਾਜ ਦੀ ਸਾਧ ਸੰਗਤ ਸਤਸੰਗ ਵਿਖੇ ਮਿਲ ਗੁਰਮੁਖ ਸਜਦਿਆਂ ਸਾਰ ਮਨੁੱਖ ਸ਼ਬਦ ਦੀ ਸੁਰਤਿ ਸੋਝੀ ਨੂੰ ਪ੍ਰਾਪਤ ਹੋਯਾ ਕਰਦਾ ਹੈ, ਤੇ ਏਸੇ ਕਰ ਕੇ ਹੀ ਉਹ ਪੂਰਨ ਬ੍ਰਹਮ ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਭੀ ਬਿਬੇਕ ਪਾਇਆ ਕਰਦਾ ਹੈ।

ਰੂਪ ਕੈ ਅਨੂਪ ਰੂਪ ਅਤਿ ਅਸਚਰਜ ਮੈ ਦ੍ਰਿਸਟਿ ਦਰਸ ਲਿਵ ਟਰਤ ਨ ਏਕ ਹੈ ।

ਉਸਦੀ ਦ੍ਰਿਸ਼ਟੀ ਧਿਆਨ ਦੀ ਲਿਵ ਦਰਸ ਦਰਸ਼ਨ ਯੋਗ੍ਯ ਅਤ੍ਯੰਤ ਅਸਚਰਜ ਮਈ ਅਨੂਪਮ ਰੂਪ ਸਰੂਪ ਦੀ ਟੇਕ ਦੇ ਕਾਰਣ ਟਲਿਆ ਨਹੀਂ ਕਰਦੀ ਹੈ। ਭਾਵ ਉਸ ਦਾ ਧਿਆਨ ਸਤਿਗੁਰੂ ਅੰਤਰਯਾਮੀ ਦੇ ਦਿਬ੍ਯ ਸਰੂਪ ਦੇ ਦਰਸ਼ਨ ਵਿਚ ਮਗਨ ਹੋ ਪ੍ਰਪੱਕ ਹੋਇਆ ਰਹਿੰਦਾ ਹੈ।

ਰਾਗ ਨਾਦ ਬਾਦ ਬਿਸਮਾਦ ਕੀਰਤਨ ਸਮੈ ਸਬਦ ਸੁਰਤਿ ਗਿਆਨ ਗੋਸਟਿ ਅਨੇਕ ਹੈ ।

ਬਿਸਮਾਦ ਕੀਰਤਨ ਸਮੈ ਬਿਸਮਾਦ ਭਾਵੀ ਬੁਧੀ ਨੂੰ ਵਚਿਤ੍ਰਤਾ ਵਿਚ ਪੌਣ ਹਾਰੇ ਕੀਰਤਨ ਹੁੰਦੇ ਸਮੇਂ ਹੋਰ ਸਭ ਪ੍ਰਕਾਰ ਦੇ ਰਾਗਾਂ ਗਜ਼ਲਾਂ ਕਾਫੀਆਂ ਝੰਝੋਟੀਆਂ ਵ ਤੱਰਾਨਿਆਂ ਆਦਿ ਦੀਆਂ ਨਾਦਾਂ ਬਾਦ ਬ੍ਯਰਥ ਹੋ ਭਾਸਦੀਆਂ ਹਨ, ਐਸੇ ਹੀ ਅਨੇਕਾਂ ਗਿਆਨ ਗੋਸ਼ਟੀਆਂ, ਸਬਦ ਅਨਹਦ ਦੀ ਸੁਰਤਿ ਸੋਝੀ ਮਰਮ ਦੀ ਸਮਝ ਅਗੇ ਬ੍ਯਰਥ ਹਨ।

ਭਾਵਨੀ ਭੈ ਭਾਇ ਚਾਇ ਚਾਹ ਚਰਨਾਮ੍ਰਤ ਕੀ ਆਸ ਪ੍ਰਿਆ ਸਦੀਵ ਅੰਗ ਸੰਗ ਜਾਵਦੇਕ ਹੈ ।੨੫੪।

ਭਾਵਨੀ ਸ਼ਰਧਾ ਭਰੋਸੇ ਦੇ ਕਾਰਣ ਭੈ ਅਰੁ ਭਾਵ ਪ੍ਰੇਮ ਵਿਚ ਵਰਤਦਿਆਂ, ਚਾਉ ਉਮਰਿਆ ਰਹਿੰਦਾ ਹੈ, ਚਰਣਾਂ ਦੇ ਅੰਮ੍ਰਿਤ ਪਾਨ ਦਾ ਜਿਸ ਦੇ ਚਿੱਤ ਵਿਖੇ, ਓਸ ਦੇ ਅੰਦਰ ਅੰਗ ਅੰਗ ਵਿਚ ਜਾਵਦੇਕ ਜਿਥੋਂ ਪ੍ਰ੍ਯੰਤ ਭੀ ਹੋ ਸਕੇ ਇਕ ਮਾਤ੍ਰ ਪਿਆਰੇ ਪ੍ਰੀਤਮ ਸੱਚੇ ਮਾਲਕ ਦੀ ਹੀ ਸਦੀਵਕਾਲ ਨਿੱਛ ਆਸਾ ਧੁਨ ਲਗੀ ਰਿਹਾ ਕਰਦੀ ਹੈ ਇਸ ਪ੍ਰਕਾਰ ਮਾਨੋ ਓਸ ਨੂੰ ਪ੍ਰੇਮ ਰਸ ਪ੍ਰਾਪਤ ਹੋਇਆ ਰਹਿੰਦਾ ਹੈ ॥੨੫੪॥


Flag Counter