ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 226


ਗੁਰਮਤਿ ਸਤਿ ਰਿਦੈ ਸਤਿਰੂਪ ਦੇਖੇ ਦ੍ਰਿਗ ਸਤਿਨਾਮ ਜਿਹਬਾ ਕੈ ਪ੍ਰੇਮ ਰਸ ਪਾਏ ਹੈ ।

ਜਿਨਾਂ ਪੁਰਖਾਂ ਦੇ ਹਿਰਦੇ ਅੰਦਰ ਗੁਰਮਤਿ ਸਤਿ ਵਾਸਤ੍ਵ ਦਸ਼ਾ ਵਿਚ ਵੱਸ ਗਈ ਹੈ, ਉਹ ਪ੍ਰਤੱਖ ਦ੍ਰਿਗ ਨੇਤ੍ਰਾਂ ਦ੍ਵਾਰੇ ਜਿਧਰ ਕਿਧਰ ਸਤ੍ਯ ਸਰੂਪ ਪਰਮਾਤਮਾ ਨੂੰ ਹੀ ਦੇਖਿਆ ਕਰਦੇ ਹਨ, ਤੇ ਜਿਹਬਾ ਰਸਨਾ ਦ੍ਵਾਰੇ ਜੋ ਉਚਾਰਦੇ ਅਥਵਾ ਰਸ ਸ੍ਵਾਦ ਲੈਂਦੇ ਹਨ ਉਹ ਭੀ ਸਭ ਸਤਿ ਹੀ ਵਾਹਿਗੁਰੂ ਦੇ ਨਾਮ ਸਰੂਪ ਤਥਾ ਪ੍ਰੇਮ ਰਸ ਦੀ ਪ੍ਰਾਪਤੀ ਰੂਪ ਹੁੰਦਾ ਹੈ।

ਸਬਦ ਬਿਬੇਕ ਸਤਿ ਸ੍ਰਵਨ ਸੁਰਤਿ ਨਾਦ ਨਾਸਕਾ ਸੁਗੰਧਿ ਸਤਿ ਆਘ੍ਰਨ ਅਘਾਏ ਹੈ ।

ਸ੍ਰਵਨ ਕੰਨਾਂ ਦ੍ਵਾਰੇ ਸੁਰਤਿ ਸੁਣਦੇ ਹਨ ਜੋ ਨਾਦ ਧੁਨੀ ਆਵਾਜ ਆਦਿ ਉਹ ਸਤਿ ਸ਼ਬਦ ਪ੍ਰਤੱਖ ਉਚਾਰਣ ਦੀ ਗੰਮਤਾ ਤੋਂ ਪਾਰ, ਪਰਾ ਰੂਪ ਵਾ ਰੱਬੀ ਧ੍ਵਨੀ ਰੂਪ ਹੀ ਬਿਬੇਕ ਵੀਚਾਰਿਆ ਵਾ ਸਮਝਿਆ ਕਰਦੇ ਹਨ ਤੇ ਨਾਸਾਂ ਥਾਨੀਂ ਸੁੰਘੀ ਜਾ ਰਹੀ ਸੁਗੰਧੀ ਨੂੰ ਭੀ ਸਤ੍ਯ ਸਰੂਪ ਸੁੰਘਨੀ ਨਾਲ ਹੀ ਤ੍ਰਿਪਤ ਮੰਨਿਆ ਕਰਦੇ ਹਨ।

ਸੰਤ ਚਰਨਾਮ੍ਰਤ ਹਸਤ ਅਵਲੰਬ ਸਤਿ ਪਾਰਸ ਪਰਸਿ ਹੋਇ ਪਾਰਸ ਦਿਖਾਏ ਹੈ ।

ਸੰਤਾਂ ਸਤਿਗੁਰਾਂ ਦੇ ਚਰਣਾਂ ਦੇ ਅੰਮ੍ਰਿਤ ਪਾਨ ਕਰਨ ਕਰ ਕੇ ਗੁਰਮੁਖ ਸਜਨ ਮਾਤ੍ਰ ਤੇ ਹੀ ਜੋ ਕੁਛ ਭੀ ਓਨਾਂ ਦੇ ਹੱਥਾਂ ਦੇ ਸਹਾਰੇ ਨੂੰ ਪ੍ਰਾਪਤ ਹੋ ਜਾਵੇ ਭਾਵ ਓਨਾਂ ਦੇ ਹੱਥ ਜਿਸ ਕਿਸੇ ਨੂੰ ਲਗ ਜਾਂਦੇ ਹਨ, ਪਾਰਸ ਵਾਕੂੰ ਪਰਸਨ ਵਾਲੇ ਪਾਰਸ ਦੀ ਸਾਖ੍ਯਾਤ ਬਣ ਦਿਖਾਲਦੇ ਹਨ ਓਸ ਨੂੰ ਸੁਆਰ ਦੇਣ ਵਾਲੇ।

ਸਤਿਰੂਪ ਸਤਿਨਾਮ ਸਤਿਗੁਰ ਗਿਆਨ ਧਿਆਨ ਗੁਰ ਸਿਖ ਸੰਧਿ ਮਿਲੇ ਅਲਖ ਲਖਾਏ ਹੈ ।੨੨੬।

ਤਾਤਪਰਜ ਕੀਹ ਕਿ ਸਤਿਗੁਰਾਂ ਦੇ ਉਪਦੇਸ਼ੇ ਸਤਿਨਾਮੁ ਦੇ ਬਲ ਕਰ ਕੇ ਜੋ ਮਨੁੱਖ ਨੂੰ ਹੁੰਦਾ ਹੈ ਗਿਆਨ ਤਥਾ ਉਸ ਜਾਣੇ ਹੋਏ ਪਰਮ ਤੱਤ ਵਿਖੇ ਬੱਝਦਾ ਹੈ ਜੋ ਧਿਆਨ ਉਹ ਸਤ੍ਯ ਸਰੂਪ ਹੀ ਹੁੰਦਾ ਹੈ ਤੇ ਬੱਸ ਏਹੋ ਹੀ ਗੁਰਸਿੱਖ ਸੰਧੀ ਦੇ ਮਿਲਣ ਪੁਰ ਅਲਖ ਪਦਾਰਥ ਦਾ ਲਖਤਾ ਵਿਚ ਔਣਾ ਹੈ ॥੨੨੬॥